- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰੀ ਮੀਂਹ ਦੌਰਾਨ ਦਾਣਾ ਮੰਡੀ ਬਟਾਲਾ ਚ ਹੋਇਆ ਭਾਰੀ ਨੁਕਸਾਨ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਐਤਵਾਰ ਨੂੰ ਹੋਈ ਭਾਰੀ ਬਰਸਾਤ ਨਾਲ ਦਾਣਾ ਮੰਡੀ ਬਟਾਲਾ ਚ ਲੱਖਾਂ ਬੋਰੀਆਂ ਪਾਣੀ ਚ ਡੁੱਬ ਗਈਆਂ ਹਨ।ਮੀਂਹ ਨੇ ਬਟਾਲਾ ਅਨਾਜ ਮੰਡੀ ਵਿੱਚ ਕਿਸਾਨਾਂ, ਆੜਤੀਆਂ ਅਤੇ ਰਾਇਸ ਮਿਲਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਨਾ ਸਿਰਫ਼ ਸਰਕਾਰੀ ਖਰੀਦ ਏਜੰਸੀਆਂ ਦਾ ਝੋਨਾ ਭਿੱਜ ਗਿਆ, ਸਗੋਂ ਕਿਸਾਨਾਂ ਵੱਲੋਂ ਵਿਕਰੀ ਲਈ ਲਿਆਂਦਾ ਗਿਆ ਝੋਨਾ ਵੀ ਮੀਂਹ ਦੇ ਪਾਣੀ ਵਿੱਚ ਭਿੱਜ ਗਿਆ। ਇਸ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋਣ ਦਾ ਖ਼ਤਰਾ ਹੈ। ਮੀਂਹ ਕਾਰਨ ਪਰਬੰਧਾ ਦੀ ਵੀ ਪੋਲ ਖੁੱਲੀ ਹੈ। ਲਗਾਤਾਰ ਦੋ ਘੰਟੇ ਤੱਕ ਵਰੇ ਮੀਂਹ ਨਾਲ ਦਾਣਾ ਮੰਡੀ ਬਟਾਲਾ ਜਲ ਥਲ ਹੋ ਗਈ ਅਤੇ ਬੋਰੀਆਂ ਚ ਪਿਆ ਝੋਨਾ ਪਾਣੀ ਚ ਡੁੱਬ ਗਿਆ। ਕਈ ਆੜ ਦੀਆਂ ਦੁਕਾਨਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੋਰੀਆਂ ਪਾਣੀ ਚ ਡੁੱਬੀਆਂ ਦਿਖਾਈ ਦਿੱਤੀਆਂ ਅਤੇ ਆੜਤੀ ਅਤੇ ਲੇਬਰ ਭਾਈਚਾਰਾ ਆਪਣੇ ਯਤਨਾਂ ਨਾਲ ਬੋਰੀਆਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਸੁੱਕੇ ਥਾਂ ਤੇ ਧਾਂਕ ਲਗਾਉਂਦਾ ਦਿਖਾਈ ਦਿੱਤਾ। ਖੁੱਲ੍ਹੇ ਅਸਮਾਨ ਹੇਠ ਪਈ ਝੋਨੇ ਦੀ ਫਸਲ 'ਤੇ ਮੀਂਹ ਦੇ ਪਾਣੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਕੀਤੀ ਫਸਲ ਵੇਚਣ ਲਈ ਮੰਡੀ ਵਿੱਚ ਲਿਆਏ ਸਨ, ਪਰ ਝੋਨਾ ਖਰੀਦਣ ਤੋਂ ਪਹਿਲਾਂ ਹੀ ਭਿੱਜ ਗਿਆ। ਮੰਡੀ ਚ ਕਿਸਾਨ ਆਪਣੀ ਫਸਲ ਦੇ ਆਲੇ ਦੁਆਲੇ ਉਹ ਪਾਣੀ ਬਾਹਰ ਕੱਢਦੇ ਦਿਖਾਈ ਦਿੱਤੇ ਅਤੇ ਮੰਡੀ ਅਧਿਕਾਰੀ ਵੀ ਪਾਣੀ ਚ ਡੁੱਬੀਆਂ ਬੋਰੀਆਂ ਨੂੰ ਬਾਹਰ ਕੱਢਣ ਲਈ ਆੜਤੀਆਂ ਨੂੰ ਪ੍ਰੇਰਿਤ ਕਰਦੇ ਦਿਖਾਈ ਦਿੱਤੇ। ਉਧਰ ਮੰਡੀ ਚ ਖਰੀਦ ਅਤੇ ਪੜ੍ਹਾਈ ਦਾ ਕੰਮ ਦੋ ਦਿਨ ਰੁਕੇ ਰਹਿਣ ਦੀ ਸੰਭਾਵਨਾ ਹੈ ਜਦ ਕਿ ਖੇਤਾਂ ਚ ਪਾਣੀ ਭਰ ਜਾਣ ਕਾਰਨ ਇੱਕ ਹਫਤੇ ਲਈ ਵਡਾਈ ਦਾ ਕੰਮ ਵੀ ਰੁਕ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਆੜਤੀਆਂ ਵੱਲੋਂ ਆਪਣੇ ਤੌਰ ਤੇ ਤਰਪਾਲਾ ਅਤੇ ਕ੍ਰੀਏਟ ਦੇ ਪ੍ਰਬੰਧ ਕੀਤੇ ਹੋਣ ਦੇ ਬਾਵਜੂਦ ਵੀ ਖਰੀਦੀ ਗਈ ਫਸਲ ਪਾਣੀ ਚ ਭਿੱਜ ਗਈ। ਭਾਰੀ ਮੀਹ ਬਰਸਾਤ ਕਾਰਨ ਆੜਤੀਆਂ , ਕਿਸਾਨਾਂ ਅਤੇ ਚਾਵਲ ਮਿਲ ਮਾਲਕਾਂ ਨੂੰ ਲੱਖਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਖੜ੍ਹੀ ਫਸਲਾਂ ਦੀ ਵਡਾਈ ਵੀ ਪ੍ਰਭਾਵਿਤ ਹੋਈ
ਲਗਾਤਾਰ ਭਾਰੀ ਬਰਸਾਤ ਕਾਰਨ ਖੇਤਾਂ ਚ ਖੜੋਤੀ ਫਸਲ ਨੂੰ ਵੀ ਨੁਕਸਾਨ ਪੁੱਜਿਆ ਹੈ ਅਤੇ ਵਡਾਈ ਦਾ ਕੰਮ ਇੱਕ ਹਫਤੇ ਤੱਕ ਰੁਕੇ ਰਹਿਣ ਦੀ ਸੰਭਾਵਨਾ ਹੈ। ਲਗਾਤਾਰ ਮੀਂਹ ਅਤੇ ਖੇਤਾਂ ਵਿੱਚ ਨਮੀ ਵਧਣ ਕਾਰਨ, ਕਿਸਾਨਾਂ ਨੂੰ ਕਟਾਈ ਰੋਕਣੀ ਪੈ ਸਕਦੀ ਹੈ। ਨਤੀਜੇ ਵਜੋਂ, ਝੋਨੇ ਦੀ ਕਟਾਈ ਵਿੱਚ ਇੱਕ ਹਫ਼ਤੇ ਤੱਕ ਦੇਰੀ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੇ ਅਨੁਸਾਰ, ਫਸਲਾਂ ਦੀ ਕਟਾਈ, ਢੋਆ-ਢੁਆਈ ਅਤੇ ਵੇਚਣ ਵਿੱਚ ਪਹਿਲਾਂ ਹੀ ਕਈ ਚੁਣੌਤੀਆਂ ਹਨ। ਹੁਣ, ਮੀਂਹ ਕਾਰਨ, ਉਨ੍ਹਾਂ ਨੂੰ ਮੰਡੀ ਵਿੱਚ ਪਹਿਲਾਂ ਤੋਂ ਹੀ ਪਈਆਂ ਫ਼ਸਲਾਂ ਨੂੰ ਸੁਕਾਉਣ ਅਤੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦੀ ਕਟਾਈ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਸਾਫ਼ ਹੋਣ ਦੀ ਉਡੀਕ ਕਰਨੀ ਪਵੇਗੀ।