ਜ਼ਹਿਰੀਲੀ ਸਪਰੇਅ ਕਰ ਕੇ ਕਣਕ ਦੀ ਫ਼ਸਲ ਕੀਤੀ ਬਰਬਾਦ ਜਾਣਕਾਰੀ ਦਿੰਦੇ ਹੋਏ ਪੀੜ੍ਹਤ
Publish Date: Sat, 21 Nov 2026 06:45 PM (IST)
Updated Date: Sat, 21 Nov 2026 06:46 PM (IST)
ਆਕਾਸ, ਪੰਜਾਬੀ ਜਾਗਰਣ ਧਾਰੀਵਾਲ : ਨਜ਼ਦੀਕੀ ਪਿੰਡ ਸੋਹਲ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਗਰੀਬ ਕਿਸਾਨ ਦੀ ਕਣਕ ਦੀ ਖੜ੍ਹੀ ਫ਼ਸਲ ’ਤੇ ਜ਼ਹਿਰੀਲੀ ਦਵਾਈ ਦਾ ਛਿੜਕਾਅ ਕਰ ਕੇ ਭਾਰੀ ਨੁਕਸਾਨ ਪਹੁੰਚਾਉਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਨੰਬਰਦਾਰ ਦਿਲਬਾਗ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਹਰਵਿੰਦਰ ਸਿੰਘ ਕੋਲ ਰੋਜ਼ੀ-ਰੋਟੀ ਦਾ ਸਾਧਨ ਸਿਰਫ਼ ਡੇਢ ਕਿੱਲਾ ਵਾਹੀਯੋਗ ਜ਼ਮੀਨ ਹੀ ਹੈ, ਜਿਸ ਵਿੱਚ ਉਸ ਨੇ ਬੜੀ ਮਿਹਨਤ ਨਾਲ ਕਣਕ ਦੀ ਬਿਜਾਈ ਕੀਤੀ ਸੀ। ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਰੰਜਿਸ਼ ਜਾਂ ਸ਼ਰਾਰਤ ਤਹਿਤ ਪੂਰੀ ਫ਼ਸਲ ’ਤੇ ਜ਼ਹਿਰੀਲੀ ਸਪਰੇਅ ਕਰ ਦਿੱਤੀ, ਜਿਸ ਕਾਰਨ ਕਿਸਾਨ ਦੀ ਪੂਰੀ ਫ਼ਸਲ ਖ਼ਰਾਬ ਹੋਣ ਕਿਨਾਰੇ ਪਹੁੰਚ ਗਈ ਹੈ। ਪਿੰਡ ਵਾਸੀਆਂ ਅਤੇ ਮੋਹਤਬਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਰਾਹੀਂ ਫ਼ਸਲ ਦੇ ਹੋਏ ਨੁਕਸਾਨ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਅਤੇ ਪੀੜਤ ਕਿਸਾਨ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪੀੜਤ ਕਿਸਾਨ ਹਰਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।