ਹਰਦਿਆਲ ਸਿੰਘ ਜੌਹਲ ਵੱਲੋਂ ਬਾਲ ਭਵਨ ਦੇ ਉਪਰਾਲਿਆਂ ਦੀ ਸ਼ਲਾਘਾ ਪਰਉਪਕਾਰ ਦੀ ਮਿਸਾਲ ਬਣੇ ਹਰਦਿਆਲ ਸਿੰਘ ਜੌਹਲ ਨੇ ਬਾਲ ਭਵਨ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ
Publish Date: Wed, 04 Nov 2026 04:04 PM (IST)
Updated Date: Wed, 04 Nov 2026 04:05 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਮਾਜ ਸੇਵਾ ਤੇ ਪਰਉਪਕਾਰ ਦੀ ਭਾਵਨਾ ਨਾਲ ਜੁੜੇ ਉੱਘੇ ਸਮਾਜ ਸੇਵਕ ਹਰਦਿਆਲ ਸਿੰਘ ਜੌਹਲ (ਅਮਰੀਕਾ) ਨੇ ਬਾਲ ਭਵਨ ਗੁਰਦਾਸਪੁਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਆਨਰੇਰੀ ਸਕੱਤਰ ਤੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਆਪਣੀ ਸਮੁੱਚੀ ਟੀਮ ਸਮੇਤ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਦੌਰੇ ਦੌਰਾਨ ਜੌਹਲ ਨੇ ਬਾਲ ਭਵਨ ਵਿਖੇ ਬੱਚਿਆਂ ਤੇ ਸਮਾਜ ਦੇ ਲੋੜਵੰਦ ਵਰਗ ਦੀ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਨ੍ਹਾਂ ’ਚ ਕੰਮਕਾਜੀ ਮਹਿਲਾਵਾਂ ਦੇ ਬੱਚਿਆਂ ਲਈ ਕ੍ਰੈੱਚ ਸੈਂਟਰ, ਬਿਊਟੀਸ਼ੀਅਨ ਟ੍ਰੇਨਿੰਗ ਸੈਂਟਰ, ਕੰਪਿਊਟਰ ਟ੍ਰੇਨਿੰਗ ਸੈਂਟਰ, ਬੱਚਿਆਂ ਦੀ ਲਾਇਬ੍ਰੇਰੀ ਤੇ ਲਾਵਾਰਿਸ ਤੇ ਛੱਡੇ ਗਏ ਨਵਜੰਮੇ ਬੱਚਿਆਂ ਲਈ ਜੀਵਨਦਾਨ ਤੇ ਸੁਰੱਖਿਆ ਦਾ ਆਸਰਾ ਬਣਿਆ ‘ਉਮੀਦ ਦੀ ਕਿਰਨ’ ਬੇਬੀ ਕ੍ਰੇਡਲ ਪੁਆਇੰਟ ਸ਼ਾਮਲ ਹਨ। ਬਾਲ ਭਵਨ ਦੇ ਇਨ੍ਹਾਂ ਉਪਰਾਲਿਆਂ ਦੀ ਕਾਰਜਸ਼ੈਲੀ, ਪ੍ਰਬੰਧਨ ਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਹਰਦਿਆਲ ਸਿੰਘ ਜੌਹਲ ਨੇ ਕਿਹਾ ਕਿ ਰੋਮੇਸ਼ ਮਹਾਜਨ ਵਰਗੀਆਂ ਸਮਰਪਿਤ ਸ਼ਖ਼ਸੀਅਤਾਂ ਦੀ ਅਣਥੱਕ ਮਿਹਨਤ, ਦੂਰਦਰਸ਼ੀ ਸੋਚ ਤੇ ਨਿਸ਼ਕਾਮ ਸੇਵਾ ਭਾਵਨਾ ਸਦਕਾ ਬੱਚਿਆਂ ਦੀ ਭਲਾਈ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਲੋਕ-ਹਿੱਤਕਾਰੀ ਪ੍ਰੋਜੈਕਟ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਲ ਭਵਨ ਦੀਆਂ ਇਹ ਗਤੀਵਿਧੀਆਂ ਸਮਾਜ ’ਚ ਸੇਵਾ, ਸਹਿਯੋਗ ਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਰੋਮੇਸ਼ ਮਹਾਜਨ ਵੱਲੋਂ ਹਰਦਿਆਲ ਸਿੰਘ ਜੌਹਲ ਨੂੰ ਕੌਂਸਲ ਦੇ ਬਾਲ ਭਲਾਈ ਦੇ ਖੇਤਰ ’ਚ ਕੀਤੇ ਗਏ ਯਤਨਾਂ, ਪ੍ਰਾਪਤੀਆਂ ਤੇ ਸੇਵਾ ਦੇ ਸਫ਼ਰ ਨੂੰ ਦਰਸਾਉਂਦਾ ਯਾਦਗਾਰੀ ਸੋਵੀਨਾਰ ਬਾਲ ਭਲਾਈ ਵੱਲ ਕਦਮ-ਦਰ-ਕਦਮ ਸਫ਼ਰ ਵੀ ਸਤਿਕਾਰ ਸਹਿਤ ਭੇਟ ਕੀਤਾ ਗਿਆ। ਇਸ ਮੌਕੇ ਕੰਪਿਊਟਰ ਟ੍ਰੇਨਿੰਗ ਸੈਂਟਰ ਦੇ ਇੰਚਾਰਜ ਬਲਜੀਤ ਸਿੰਘ ਉੱਪਲ, ਪਰਮਿੰਦਰ ਕੌਰ, ਕਰਨਦੀਪ ਸਿੰਘ, ਕਿਰਨ ਤ੍ਰੇਹਨ ਤੇ ਵੱਖ-ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਰਹੇ ਬੱਚੇ ਵੀ ਹਾਜ਼ਰ ਸਨ।