- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਚੋਵਾਲ ਜੋਨਲ ਖੇਡਾਂ ਦਾ ਸ਼ਾਨਦਾਰ ਆਗਾਜ਼ ਸ਼ਤਰੰਜ ਮੁਕਾਬਲਿਆਂ ਨਾਲ

ਕਸ਼ਮੀਰ ਸਿੰਘ ਸੰਧੁ, ਪੰਜਾਬੀ ਜਾਗਰਣ
ਕਾਦੀਆਂ/ਸ੍ਰੀ ਹਰਗੋਬਿੰਦਪੁਰ ਸਾਹਿਬ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਰਚੋਵਾਲ ਜ਼ੋਨਲ ਖੇਡਾਂ ਦਾ ਸ਼ਾਨਦਾਰ ਆਗਾਜ਼ ਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਸ਼ਤਰੰਜ ਮੁਕਾਬਲਿਆਂ ਨਾਲ ਹੋਇਆ। ਮੁਕਾਬਲਿਆਂ ਦਾ ਉਦਘਾਟਨ ਜੋਨਲ ਖੇਡਾਂ ਦੀ ਪ੍ਰਧਾਨ ਕਮਲਜੀਤ ਕੌਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਸਕੱਤਰ ਰਾਜਵਿੰਦਰ ਕੌਰ, ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਟਰ ਕਲਾਂ ਦੀ ਦੇਖ-ਰੇਖ ਹੇਠ ਕੀਤਾ ਗਿਆ, ਜਦਕਿ ਸਮੁੱਚੇ ਪ੍ਰਬੰਧ ਵਿਜੇ ਕੁਮਾਰ, ਹੈੱਡਮਾਸਟਰ ਸਰਕਾਰੀ ਹਾਈ ਸਕੂਲ ਬਸਰਾਵਾਂ ਵੱਲੋਂ ਬੇਹੱਦ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਗਮ ਦੌਰਾਨ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਕੁਲਦੀਪ ਕੌਰ (ਡੀਪੀਈ), ਭੁਪਿੰਦਰ ਸਿੰਘ (ਡੀਪੀਈ), ਗੁਰਮੇਜ ਸਿੰਘ (ਡੀਪੀਈ), ਸਿਕੰਦਰ ਸਿੰਘ ਅਤੇ ਸ਼ਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਅਧਿਆਪਕ, ਸਕੂਲ ਮੁਖੀ ਅਤੇ ਖਿਡਾਰੀ ਮੌਜੂਦ ਸਨ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਕਮਲਜੀਤ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਸ਼ਤਰੰਜ ਵਰਗੀਆਂ ਬੌਧਿਕ ਖੇਡਾਂ ਵਿਦਿਆਰਥੀਆਂ ਵਿੱਚ ਇਕਾਗਰਤਾ, ਅਨੁਸ਼ਾਸਨ, ਧੀਰਜ ਅਤੇ ਸਹੀ ਫ਼ੈਸਲੇ ਲੈਣ ਦੀ ਯੋਗਤਾ ਦਾ ਵਿਕਾਸ ਕਰਦੀਆਂ ਹਨ।
ਮੁੱਖ ਮਹਿਮਾਨ ਰਾਜਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਦਾ ਮਾਧਿਅਮ ਨਹੀਂ, ਸਗੋਂ ਇਹ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ, ਟੀਮ ਭਾਵਨਾ ਅਤੇ ਸਕਾਰਾਤਮਕ ਸੋਚ ਪੈਦਾ ਕਰਦੀਆਂ ਹਨ। ਅੱਜ ਦੇ ਇਹੀ ਖਿਡਾਰੀ ਭਵਿੱਖ ਵਿੱਚ ਆਪਣੇ ਸਕੂਲ, ਜ਼ੋਨ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਇਕਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਨੇ ਪਹਿਲਾ, ਆਰਪੀਐੱਸ ਤੁਗਲਵਾਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਟੀਮ ਵਰਗ ਵਿੱਚ ਆਰਪੀਐੱਸ ਤੁਗਲਵਾਲ ਨੇ ਬਾਜ਼ੀ ਮਾਰੀ। ਅੰਡਰ-17 ਲੜਕੀਆਂ ਦੇ ਇਕਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਨੇ ਪਹਿਲਾ, ਆਰਪੀਐੱਸ ਤੁਗਲਵਾਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰਾਇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਇਕਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰਾਇ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਤੀਜੇ ਸਥਾਨ ’ਤੇ ਰਹੇ। ਟੀਮ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਨੇ ਪਹਿਲਾ, ਆਰਪੀਐੱਸ ਤੁਗਲਵਾਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਇਕਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਪਹਿਲਾ, ਆਰਪੀਐੱਸ ਤੁਗਲਵਾਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜ਼ੀਆਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰਾਇ ਨੇ ਦੂਜਾ ਅਤੇ ਆਰਪੀਐੱਸ ਤੁਗਲਵਾਲ ਨੇ ਤੀਜਾ ਸਥਾਨ ਹਾਸਲ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਜ਼ੋਨਲ ਖੇਡਾਂ ਦੇ ਪਹਿਲੇ ਦਿਨ ਹੋਏ ਸ਼ਤਰੰਜ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਭਾਵਨਾ, ਬੌਧਿਕ ਯੋਗਤਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਇਹ ਸਾਬਤ ਕੀਤਾ ਕਿ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਵਿੱਚ ਵੀ ਬੇਅੰਤ ਪ੍ਰਤਿਭਾ ਮੌਜੂਦ ਹੈ।