- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਲਗਾਤਾਰ ਦੂਜੀ ਵਾਰ

ਲਖਬੀਰ ਖੁੰਡਾ, ਪੰਜਾਬੀ ਜਾਗਰਣ
ਧਾਰੀਵਾਲ: ਜੀਵੀਬੀ ਪੰਜਾਬ, ਹਰਿਆਣਾ ਅਤੇ ਹਿਮਾਚਲ ਚੈਨਲ ਵੱਲੋਂ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਚੰਡੀਗੜ੍ਹ ਵਿਖੇ ਕਰਵਾਏ ਗਏ ‘ਆਈਕੌਨਿਕ ਲੀਡਰਸ਼ਿਪ ਐਵਾਰਡ-2026’ ਸਮਾਰੋਹ ਦੌਰਾਨ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀਟੀਬੀਆਈ) ਸਕੂਲ ਕਲਿਆਣਪੁਰ (ਧਾਰੀਵਾਲ) ਨੂੰ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਰਹੀ ਕਿ ਪੂਰੇ ਪੰਜਾਬ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਇਸ ਸਨਮਾਨ ਲਈ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੀ ਚੋਣ ਕੀਤੀ ਗਈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵੱਲੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਅਤੇ ਵਾਈਸ ਪ੍ਰਿੰਸੀਪਲ ਡਾ. ਕ੍ਰਿਤਇੰਦਰ ਕੌਰ ਨੂੰ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ-2026’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਸੈਮੂਅਲ ਦਾਸ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਸਥਾ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੂੰ ਲਗਾਤਾਰ ਦੂਜੀ ਵਾਰ ਪੂਰੇ ਪੰਜਾਬ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਲਈ ਇਹ ਵੱਕਾਰੀ ਸਨਮਾਨ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੂੰ ਪੂਰੇ ਪੰਜਾਬ ਵਿੱਚੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਲਗਾਤਾਰ ਦੂਜੀ ਵਾਰ ਇਹ ਸਨਮਾਨ ਮਿਲਣ ਨਾਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ‘ਆਈਕੌਨਿਕ ਲੀਡਰਸ਼ਿਪ ਐਵਾਰਡ-2026’ ਸਮਾਰੋਹ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ, ਕਾਲਜਾਂ, ਸੰਸਥਾਵਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਨੂੰ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਅਤੇ ਉੱਤਮ ਕਾਰਗੁਜ਼ਾਰੀ ਲਈ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਐਵਾਰਡ ਪ੍ਰਾਪਤ ਕਰਕੇ ਸਕੂਲ ਪਹੁੰਚਣ ’ਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਅਤੇ ਵਾਈਸ ਪ੍ਰਿੰਸੀਪਲ ਡਾ. ਕ੍ਰਿਤਇੰਦਰ ਕੌਰ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ, ਸਮੁੱਚੇ ਸਟਾਫ ਅਤੇ ਸਕੂਲ ਦੇ ਸਾਰੇ ਸ਼ੁਭਚਿੰਤਕਾਂ ਨੂੰ ਵਧਾਈ ਦਿੱਤੀ।