ਯੁਵਕ ਮੇਲੇ ’ਚ ਗੁਰੂ ਨਾਨਕ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਗੁਰੂ ਨਾਨਕ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 03 Oct 2026 04:31 PM (IST)
Updated Date: Sat, 03 Oct 2026 04:32 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਯੂਨੀਵਰਸਿਟੀ ਯੁਵਕ ਮੇਲਾ 2026-27 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ 10 ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਕਵੀਸ਼ਰੀ, ਕਵਿਤਾ ਅਤੇ ਪੀੜ੍ਹੀ ਬੁਣਨਾ ਵਿੱਚ ਪਹਿਲਾ ਸਥਾਨ, ਵਾਰ ਅਤੇ ਫੈਂਸੀ ਡਰੈੱਸ ਵਿੱਚ ਦੂਸਰਾ ਸਥਾਨ, ਜਦਕਿ ਭੰਗੜਾ, ਗ਼ਜ਼ਲ, ਸ਼ਬਦ, ਨਾਟਕ ਅਤੇ ਵਾਰਤਾਲਾਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਕਵੀਸ਼ਰੀ ਅਤੇ ਕਵਿਤਾ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਜਿੱਥੇ ਕਾਲਜ ਲਈ ਮਾਣ ਵਾਲੀ ਪ੍ਰਾਪਤੀ ਹੈ, ਉੱਥੇ ਪੀੜ੍ਹੀ ਬੁਣਨਾ ਵਿੱਚ ਪਹਿਲਾ ਸਥਾਨ ਪੰਜਾਬ ਦੀ ਲੋਕ-ਵਿਰਾਸਤ ਅਤੇ ਰਵਾਇਤੀ ਕਲਾਵਾਂ ਨਾਲ ਵਿਦਿਆਰਥੀਆਂ ਦੀ ਸਾਂਝ ਨੂੰ ਵੀ ਦਰਸਾਉਂਦਾ ਹੈ। ਇਸੇ ਤਰ੍ਹਾਂ ਭੰਗੜੇ ਵਿੱਚ ਤੀਜਾ ਸਥਾਨ, ਗ਼ਜ਼ਲ ਅਤੇ ਸ਼ਬਦ ਵਿੱਚ ਤੀਜਾ ਸਥਾਨ ਅਤੇ ਨਾਟਕ ਤੇ ਵਾਰਤਾਲਾਪ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਵਿਦਿਆਰਥੀਆਂ ਨੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਫੈਂਸੀ ਡਰੈੱਸ ਅਤੇ ਵਾਰ ਵਿੱਚ ਦੂਸਰੇ ਸਥਾਨ ਦੀ ਪ੍ਰਾਪਤੀ ਨੇ ਵੀ ਕਾਲਜ ਦੀ ਸੱਭਿਆਚਾਰਕ ਸਰਗਰਮੀ ਨੂੰ ਹੋਰ ਮਜ਼ਬੂਤ ਕੀਤਾ। ਕੋਆਰਡੀਨੇਟਰ ਡਾ. ਹਰਮੀਤ ਕੌਰ, ਪ੍ਰੋ. ਦਵਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਸਹਿਬਾਜਦੀਪ ਸਿੰਘ ਨੇ ਵਿਦਿਆਰਥੀਆਂ ਦੀ ਤਿਆਰੀ, ਅਭਿਆਸ ਅਤੇ ਪੇਸ਼ਕਾਰੀਆਂ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਰਹਿਨੁਮਾਈ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਕਾਲਜ ਨੇ ਵੱਖ-ਵੱਖ ਵਿਧਾਵਾਂ ਵਿੱਚ ਇਹ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ।