- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਕਾਲਜ ਵਲੋਂ ‘ਪੰਜਾਬੀ ਸਾਹਿਤ ਅਤੇ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਸਾਹਿਤ ਅਤੇ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਨਾਲ-ਨਾਲ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਾਡੀ ਇਤਿਹਾਸਕ ਚੇਤਨਾ, ਸੱਭਿਆਚਾਰਕ ਵਿਰਾਸਤ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਮਹੱਤਵਪੂਰਨ ਸਰੋਤ ਹੈ। ਉਨ੍ਹਾਂ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਨੌਜਵਾਨਾਂ ਦੀਆਂ ਪੜ੍ਹਨ ਦੀਆਂ ਆਦਤਾਂ ਭਾਵੇਂ ਬਦਲ ਰਹੀਆਂ ਹਨ, ਪਰ ਸਾਹਿਤ ਦੀ ਮਹੱਤਤਾ ਅੱਜ ਵੀ ਕਾਇਮ ਹੈ। ਲੋੜ ਹੈ ਕਿ ਸਾਹਿਤ ਨੂੰ ਨੌਜਵਾਨ ਪੀੜ੍ਹੀ ਤੱਕ ਨਵੇਂ ਮਾਧਿਅਮਾਂ ਅਤੇ ਨਵੇਂ ਢੰਗਾਂ ਰਾਹੀਂ ਪਹੁੰਚਾਇਆ ਜਾਵੇ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਦੀ ਰਚਨਾਤਮਕ ਤਾਕਤ ਹੁੰਦੇ ਹਨ ਅਤੇ ਸਾਹਿਤ ਉਨ੍ਹਾਂ ਦੀ ਸੋਚ ਨੂੰ ਵਿਸ਼ਾਲਤਾ ਪ੍ਰਦਾਨ ਕਰਦਾ ਹੈ। ਡਾ. ਹਰਮੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਮਾਣ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ ਹੈ।
ਪ੍ਰੋ. ਸਾਹਿਬਾਦਦੀਪ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਡਿਜ਼ੀਟਲ ਤਕਨਾਲੋਜੀ ਨਾਲ ਗਹਿਰੇ ਤੌਰ ’ਤੇ ਜੁੜੀ ਹੋਈ ਹੈ। ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਪੰਜਾਬੀ ਸਾਹਿਤ ਹਮੇਸ਼ਾ ਸਮਾਜਿਕ ਤਬਦੀਲੀਆਂ ਨੂੰ ਸਮਝਣ ਅਤੇ ਸਮਾਜ ਦੇ ਵੱਖ-ਵੱਖ ਪੱਖਾਂ ’ਤੇ ਸਵਾਲ ਉਠਾਉਣ ਦਾ ਸਾਧਨ ਰਿਹਾ ਹੈ। ਇਸ ਮੌਕੇ ਪ੍ਰੋ. ਨਵਦੀਪ ਕੌਰ , ਪ੍ਰੋ. ਕੰਵਲਜੀਤ ਕੌਰ ਆਦਿ ਹਾਜ਼ਰ ਸਨ।