
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰੂ ਨਾਨਕ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਦਾ ਵੱਡਾ ਉਪਰਾਲਾ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ, ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਲਈ ਨਿਰੰਤਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਭਾਗ ਵੱਲੋਂ 160 ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ, ਵਿਚਾਰਧਾਰਾਵਾਂ ਅਤੇ ਸਾਹਿਤਕ ਰੰਗਾਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਚੋਣਵੀਆਂ ਅਤੇ ਉੱਚ ਮਿਆਰੀ ਪੁਸਤਕਾਂ ਵੰਡੀਆਂ ਗਈਆਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਵਿਦਿਆਰਥੀਆਂ ਦਾ ਵੱਡਾ ਹਿੱਸਾ ਡਿਜੀਟਲ ਮਾਧਿਅਮਾਂ ਨਾਲ ਜੁੜਿਆ ਹੋਇਆ ਹੈ, ਉਸ ਸਮੇਂ ਉਨ੍ਹਾਂ ਨੂੰ ਪੁਸਤਕਾਂ ਨਾਲ ਜੋੜਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਵਿਦਿਆਰਥੀ ਪੁਸਤਕਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਤਾਂ ਉਹ ਨਵੇਂ ਗਿਆਨ, ਨਵੇਂ ਵਿਚਾਰਾਂ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਸਮਰੱਥਾ ਹਾਸਲ ਕਰ ਸਕਦੇ ਹਨ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਪੁਸਤਕ ਸਿਰਫ਼ ਗਿਆਨ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਮਨੁੱਖ ਨੂੰ ਆਪਣੇ ਸਮੇਂ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਵਾਲਾ ਮਜ਼ਬੂਤ ਪੁਲ ਵੀ ਹੈ। ਜਦਕਿ ਡਾ. ਹਰਮੀਤ ਕੌਰ ਨੇ ਕਿਹਾ ਕਿ ਪੁਸਤਕਾਂ ਮਨੁੱਖ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਅਤੇ ਸੇਧ ਦੇਣ ਦੀ ਸਮਰੱਥਾ ਰੱਖਦੀਆਂ ਹਨ। ਇਸ ਮੌਕੇ ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਨਵਦੀਪ ਕੌਰ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਨੀਤ ਕੌਰ, ਕਾਲਜ ਸੁਪਰਡੈਂਟ ਸ. ਗੁਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਪੁਸਤਕਾਂ ਪ੍ਰਾਪਤ ਕਰਦਿਆਂ ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।