ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀ ਤੇ ਕੋਚ ਗੁਰਸ਼ੇਰ ਸਿੰਘ ਮਾਨ ਸਨਮਾਨਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀ ਅਤੇ ਕੋਚ ਗੁਰਸ਼ੇਰ ਸਿੰਘ ਮਾਨ ਸਨਮਾਨਿਤ
Publish Date: Fri, 27 Nov 2026 03:32 PM (IST)
Updated Date: Sat, 28 Nov 2026 04:02 AM (IST)
ਫੋਟੋ:27ਬੀਟੀਐਲ01 ਗੁਰਸ਼ੇਰ ਸਿੰਘ ਮਾਨ ਨੂੰ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੇ ਹੋਰ। ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਹਿਗੜ੍ਹ ਚੂੜੀਆਂ : ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਆਸਟ੍ਰੇਲੀਆ ਦੇ ਸੰਸਥਾਪਕ ਗੁਰਸ਼ੇਰ ਸਿੰਘ ਮਾਨ ਇਹਨੀਂ ਦਿਨੀਂ ਆਪਣੇ ਜੱਦੀ ਪਿੰਡ ਮਾਨ ਸੈਂਡਵਾਲ ਆਏ ਹੋਏ ਹਨ। ਉਹ ਆਸਟ੍ਰੇਲੀਆ ’ਚ ਸਫਲਤਾਪੂਰਵਕ ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਚਲਾ ਰਹੇ ਹਨ, ਜਿੱਥੇ ਨੌਜਵਾਨਾਂ ਤੇ ਖਾਸ ਕਰ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਵਧੀਆ ਕੋਚਿੰਗ ਦਿੰਦੇ ਹਨ। ਇਸ ਵੇਲੇ ਗੁਰਸ਼ੇਰ ਸਿੰਘ ਮਾਨ ਇਕ ਪ੍ਰਸਿੱਧ ਤੇ ਸਫਲ ਕੋਚ ਵਜੋਂ ਸੰਸਾਰ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ। ਗੁਰਸ਼ੇਰ ਸਿੰਘ ਮਾਨ ਦੀਆਂ ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਪਿੰਡ ਦੇ ਪਤਵੰਤਿਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨ ਸੈਂਡਵਾਲ ਦੇ ਸਮੂਹ ਅਹੁਦੇਦਾਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਬਾਬਾ ਦੀਪ ਸਿੰਘ ਦੀ ਵੱਡ ਅਕਾਰੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਸਭਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕੇ ਸਾਡੇ ਪਿੰਡ ਦੇ ਨੌਜਵਾਨ ਗੁਰਸ਼ੇਰ ਸਿੰਘ ਮਾਨ ਨੇ ਆਸਟ੍ਰੇਲੀਆ ਸਣੇ ਹੋਰਨਾਂ ਦੇਸ਼ਾਂ ਵਿਚ ਵੀ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ, ਡਾਕਟਰ ਕੰਵਲਜੀਤ ਸਿੰਘ, ਰਸ਼ਪਾਲ ਸਿੰਘ ਸੰਧੂ, ਡਿੰਪਲ ਮਾਨ, ਸੁਖਜੀਤ ਸਿੰਘ ਭੋਪਾਲ, ਗੁਰਭੇਜ ਸਿੰਘ ਮਾਨ, ਸੁਖਬੀਰ ਸਿੰਘ ਸੰਧੂ, ਆਦਿ ਹਾਜ਼ਰ ਸਨ।