ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਟੀਮ ਨੂੰ ਗੁਰਦਾਸਪੁਰ ਨੇ ਕੀਤਾ ਚਿੱਤ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਟੀਮ ਨੂੰ ਗੁਰਦਾਸਪੁਰ ਨੇ ਕੀਤਾ ਚਿੱਤ
Publish Date: Tue, 04 Aug 2026 06:23 PM (IST)
Updated Date: Wed, 05 Aug 2026 04:05 AM (IST)
ਅਭਿਸ਼ੇਕ ਸ਼ਰਮਾ ਨੂੰ ਦੇਖਣ ਲਈ ਉਮੜੇ ਫੈਨ, ਮੈਚ ਤੋਂ ਪਹਿਲਾਂ ਹੀ ਹੋਏ ਵਾਪਸ ਰਵਾਨਾ ਨਰੇਸ਼ ਕਾਲੀਆ, ਪੰਜਾਬੀ ਜਾਗਰਣ ਗੁਰਦਾਸਪੁਰ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਇੰਟਰ ਡਿਸਟ੍ਰਿਕਟ ਸੀਨੀਅਰ ਕਟੋਚ ਵਨਡੇ ਟੂਰਨਾਮੈਂਟ ਦੇ ਲੀਗ ਮੈਚ ਵਿਚ ਅੰਮ੍ਰਿਤਸਰ ਟੀਮ ਵੱਲੋਂ ਖੇਡਣ ਲਈ ਸਰਕਾਰੀ ਕਾਲਜ ਕ੍ਰਿਕਟ ਗੁਰਦਾਸਪੁਰ ਗਰਾਉਂਡ ਵਿਖੇ ਪਹੁੰਚੇ। ਮੈਚ ਦੌਰਾਨ ਦੇਸ਼ ਦੇ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਟੀਮ ਨੂੰ ਗੁਰਦਾਸਪੁਰ ਨੇ ਚਿੱਤ ਕਰ ਦਿੱਤਾ। ਅਭਿਸ਼ੇਕ ਸ਼ਰਮਾ ਦੇ ਗੁਰਦਾਸਪੁਰ ਪਹੁੰਚਣ ਤੇ ਕ੍ਰਿਕਟ ਪ੍ਰੇਮੀਆਂ ਦਾ ਜੋਸ਼ ਸੱਤਵੇਂ ਆਸਮਾਨ ਤੇ ਪਹੁੰਚ ਗਿਆ। ਅਭਿਸ਼ੇਕ ਸ਼ਰਮਾ ਨੇ ਬੱਲੇਬਾਜ਼ੀ ਵਿਚ 16 ਗੇਂਦਾਂ ਵਿਚ 3 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ ਤੇ ਗੇਂਦਬਾਜ਼ੀ ’ਚ ਅਭਿਸ਼ੇਕ ਸ਼ਰਮਾ 10 ਓਵਰਾਂ ’ਚ 67 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ। ਗੁਰਦਾਸਪੁਰ ਟੀਮ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ ਜਦੋਂ ਅੰਮ੍ਰਿਤਸਰ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਗੁਰਦਾਸਪੁਰ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅੰਮ੍ਰਿਤਸਰ ਟੀਮ ਨੇ 50 ਓਵਰਾਂ ਵਿਚ 272 ਰਨ ਬਣਾਏ। ਅੰਮ੍ਰਿਤਸਰ ਵੱਲੋਂ ਸਭ ਤੋਂ ਵੱਧ ਅਭਨਿਵ ਸ਼ਰਮਾ ਨੇ ਨਬਾਦ 68 ਰਨ ਬਣਾਏ। ਗੁਰਦਾਸਪੁਰ ਵੱਲੋਂ ਗੇਂਦਬਾਜ਼ੀ ਵਿਚ ਰਘੂ ਸ਼ਿਵਮ ਸ਼ਰਮਾ ਨੇ 49 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਗੁਰਦਾਸਪੁਰ ਟੀਮ ਨੇ 47.1 ਓਵਰਾਂ ’ਚ 9 ਵਿਕਟਾਂ ਤੇ 273 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਰਘੂ ਸ਼ਿਵਮ ਸ਼ਰਮਾ ਨੇ ਨਾਬਾਦ 34 ਦੌੜਾਂ ਬਣਾਈਆਂ ਤੇ ਜੇਤੂ ਸਟਰੋਕ ਲਾਇਆ। ਗੁਰਦਾਸਪੁਰ ਟੀਮ ਵੱਲੋਂ ਆਰੁਸ਼ ਸਭਰਵਾਲ ਨੇ ਸ਼ਾਨਦਾਰ 107 ਤੇ ਸਤਿਅਮ ਸ਼ਰਮਾ ਨੇ 57 ਦੌੜਾਂ ਬਣਾਈਆਂ। ਜੇਤੂ ਗੁਰਦਾਸਪੁਰ ਟੀਮ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਪਹੁੰਚੇ। ਕ੍ਰਿਕਟ ਪ੍ਰੇਮੀਆਂ ਦੀ ਭਾਰੀ ਤਦਾਦ ਨੂੰ ਦੇਖਦੇ ਹੋਏ ਅਭਿਸ਼ੇਕ ਸ਼ਰਮਾ ਤਰੁੰਤ ਗਰਾਉਂਡ ਤੋਂ ਰਵਾਨਾ ਹੋ ਗਏ। ਇਸ ਮੌਕੇ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ, ਜਨਰਲ ਸਕੱਤਰ ਮਨਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਪ੍ਰਦੀਪ ਸਿੰਘ ਚੀਮਾ, ਜੁਆਇੰਟ ਸਕੱਤਰ ਸੁਮਿਤ ਭਾਰਦਵਾਜ, ਸੀਪੀਓ ਵਿਸ਼ਾਲ ਮੈਂਡੀ ਸੀਨੀਅਰ ਕੋਚ ਰਾਕੇਸ਼ ਮਾਰਸ਼ਲ ਤੇ ਸਮੂਹ ਐਸੋਸੀਏਸ਼ਨ ਅਹੁਦੇਦਾਰਾ ਤੇ ਮੈਂਬਰਾਂ ਨੇ ਵਧਾਈ ਦਿੱਤੀ।