- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਦੇ ਐੱਸਐੱਸਪੀ ਦਾ ਤਬਾਦਲਾ, ਤੁਸ਼ਾਰ ਗੁਪਤਾ ਹੋਣਗੇ ਨਵੇਂ ਐੱਸਐੱਸਪੀ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ’ਤੇ ਕੀਤੇ ਗਏ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਐੱਸਐੱਸਪੀ ਆਦਿਤਿਆ ਦੀ ਨਵੀਂ ਤੈਨਾਤੀ ਬਤੌਰ ਏਆਈਜੀ, ਏਐੱਨਟੀਐੱਫ ਪੰਜਾਬ ਐੱਸਏਐੱਸ ਨਗਰ ਵਿੱਚ ਕੀਤੀ ਗਈ ਹੈ। ਉਨ੍ਹਾਂ ਦੀ ਥਾਂ ਤੇ ਹੁਣ ਨਵਾਂ ਸ਼ਹਿਰ ਦੇ ਐੱਸਐੱਸਪੀ ਤੁਸ਼ਾਰ ਗੁਪਤਾ ਨੂੰ ਗੁਰਦਾਸਪੁਰ ਦੇ ਐੱਸਐੱਸਪੀ ਵਜੋਂ ਤੈਨਾਤ ਕੀਤਾ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਤੁਸ਼ਾਰ ਗੁਪਤਾ 2018 ਬੈਚ ਦੇ ਆਈਪੀਐੱਸ ਅਫਸਰ ਹਨ। ਇਸ ਤੋਂ ਪਹਿਲਾਂ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਵਜੋਂ ਅਤੇ ਐੱਸਐੱਸਪੀ ਸੜਕ ਸੁਰੱਖਿਆ ਫੋਰਸ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਤਬਦੀਲ ਹੋਏ ਐੱਸਐੱਸਪੀ ਆਦਿਤਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 22 ਫਰਵਰੀ 2025 ਨੂੰ ਗੁਰਦਾਸਪੁਰ ਦੇ ਐੱਸਐੱਸਪੀ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਵੱਡੀਆਂ ਅਪਰਾਧਿਕ ਘਟਨਾਵਾਂ ਵਾਪਰੀਆਂ ਅਤੇ ਕਈ ਘਟਨਾਵਾਂ ਦਾ ਹੱਲ ਵੀ ਹੋਇਆ। ਪ੍ਰਮੁੱਖ ਘਟਨਾਵਾਂ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੀ ਪੁਲਿਸ ਚੌਂਕੀ ਆਦੀਆਂ (ਦੋਰਾਂਗਲਾ) ਵਿਖੇ ਏਐੱਸਆਈ ਗੁਰਨਾਮ ਸਿੰਘ ਤੇ ਹੋਮ ਗਾਰਡ ਅਸ਼ੋਕ ਕੁਮਾਰ ਦੀ ਹੱਤਿਆ ਦਾ ਮਾਮਲਾ ਰਾਸ਼ਟਰੀ ਪੱਧਰ ਦੇ ਚਰਚਿਤ ਰਿਹਾ। ਇਗ ਘਟਨਾ 22 ਫਰਵਰੀ 2026 ਨੂੰ ਵਾਪਰੀ ਸੀ।
ਇਸ ਤੋਂ ਇਲਾਵਾ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਸਮੇਤ ਕਈ ਹੋਰ ਪੁਲਿਸ ਥਾਣਿਆਂ ਅਤੇ ਚੌਂਕੀਆਂ ਉੱਪਰ ਗ੍ਰਨੇਡ ਹਮਲੇ ਵੀ ਚਰਚਾ ਵਿੱਚ ਰਹੇ। ਸ਼੍ਰੀਗੰਗਾਨਗਰ ਦੇ ਰੇਲਵੇ ਟਰੈਕ ਤੇ ਧਮਾਕਾ ਕਰਨ ਦੇ ਮਾਮਲੇ ਵਿੱਚ 3 ਮੁਲਜ਼ਮ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਜ਼ਿੰਮੇਵਾਰ ਪਾਏ ਗਏ ਜਿੰਨਾਂ ਨੂੰ ਦਬੋਚਣ ਵਿੱਚ ਐੱਸਐੱਸਪੀ ਅਦਿਤਿਆ ਦਾ ਵੀ ਯੋਗਦਾਨ ਰਿਹਾ। ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਮਾਨ ਕੌਰ ਸਿੰਘ ਬਾਈਪਾਸ ਤੇ ਕੁਝ ਸ਼ੱਕੀ ਅੱਤਵਾਦੀਆਂ ਵੱਲੋਂ ਵਰਦੀ ਵਿੱਚ ਜਾ ਰਹੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰਦਾਸਪੁਰ ਜ਼ਿਲ੍ਹਾ ਸਰਹੱਦ ਨੇੜੇ ਹੋਣ ਕਾਰਨ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਜਿਸ ਕਾਰਨ ਹੁਣ ਨਵੇਂ ਆਏ ਐੱਸਐੱਸਪੀ ਤੁਸ਼ਾਰ ਗੁਪਤਾ ਲਈ ਕਾਫੀ ਚੁਣੌਤੀਆਂ ਰਹਿਣਗੀਆਂ।