
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਪੁਲਿਸ ਹੁਣ ਫਰਾਰ ਮੁਲਜ਼ਮ ਦੀ ਭਾਲ ਦੇ ਨਾਲ ਨਿਸ਼ਾਨ ਸਿੰਘ ਦੇ ਪਿਛਲੇ ਅਤੇ ਅਗਲੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਕਿਲੋ 446 ਗ੍ਰਾਮ ਹੈਰੋਇਨ, ਦੋ ਪਿਸਤੌਲ, 10 ਕਾਰਤੂਸ ਅਤੇ ਪੰਜ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਸੇਵਾਮੁਕਤ ਸੈਨਿਕ ਹੈ, ਜਦਕਿ ਦੂਜਾ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਐੱਸਐੱਸਪੀ ਆਦਿੱਤਿਆ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਅਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਸਰਹੱਦੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਦੋ ਸ਼ੱਕੀ ਨੌਜਵਾਨ ਨਜ਼ਰ ਆਏ। ਪੁਲਿਸ ਨੂੰ ਦੇਖ ਕੇ ਇਕ ਨੌਜਵਾਨ ਖੇਤਾਂ ਵੱਲ ਭੱਜ ਗਿਆ, ਜਦਕਿ ਨਿਸ਼ਾਨ ਸਿੰਘ ਉਰਫ਼ ਸੋਨੂੰ (20) ਵਾਸੀ ਮਲੂਕਚੱਕ ਦੋਰਾਂਗਲਾ ਨੂੰ ਕਾਬੂ ਕਰ ਲਿਆ ਗਿਆ। ਡੀਐੱਸਪੀ ਰਾਜਿੰਦਰ ਮਿਨ੍ਹਾਸ ਦੀ ਮੌਜੂਦਗੀ ਵਿੱਚ ਤਲਾਸ਼ੀ ਲੈਣ ’ਤੇ ਉਸ ਕੋਲੋਂ ਚਾਰ ਪੈਕਟਾਂ ਵਿੱਚ 2 ਕਿਲੋ 184 ਗ੍ਰਾਮ ਹੈਰੋਇਨ, 30 ਬੋਰ ਦਾ ਪਿਸਤੌਲ, ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਹੋਏ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਪੁਲਿਸ ਹੁਣ ਫਰਾਰ ਮੁਲਜ਼ਮ ਦੀ ਭਾਲ ਦੇ ਨਾਲ ਨਿਸ਼ਾਨ ਸਿੰਘ ਦੇ ਪਿਛਲੇ ਅਤੇ ਅਗਲੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ।
ਧਾਰੀਵਾਲ ’ਚ 262 ਗ੍ਰਾਮ ਹੈਰੋਇਨ ਬਰਾਮਦ
ਇਕ ਹੋਰ ਮਾਮਲੇ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 262 ਗ੍ਰਾਮ ਹੈਰੋਇਨ, ਪੰਜ ਹਜ਼ਾਰ ਰੁਪਏ ਦੀ ਡਰੱਗ ਮਨੀ, 32 ਬੋਰ ਦਾ ਰਿਵਾਲਵਰ ਅਤੇ ਛੇ ਕਾਰਤੂਸ ਬਰਾਮਦ ਹੋਏ। ਇਸ ਮਾਮਲੇ ਵਿੱਚ ਦਲਬੀਰ ਸਿੰਘ ਵਾਸੀ ਕਲਿਆਣਪੁਰ ਅਤੇ ਨਿਤਿਸ਼ ਕੁਮਾਰ ਵਾਸੀ ਧਾਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਦਲਬੀਰ ਸਿੰਘ ਸੈਨਾ ਤੋਂ ਸੇਵਾਮੁਕਤ ਹੈ, ਜਦਕਿ ਨਿਤਿਸ਼ ਕੁਮਾਰ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਨਿਤਿਸ਼ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦੇ ਦੋ ਮਾਮਲੇ ਦਰਜ ਹਨ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ।