ਵਿਧਾਇਕ ਪਾਹੜਾ ਨੇ ਵਿਧਾਨ ਸਭਾ ’ਚ ਚੁੱਕਿਆ ਕੂੜੇ ਦਾ ਗੰਭੀਰ ਮੁੱਦਾ, DC ਦਫਤਰ ਅੱਗੇ ਕੂੜਾ ਸੁੱਟਣ ਦੀ ਦਿੱਤੀ ਚਿਤਾਵਨੀ
ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕੂੜਾ ਸੁੱਟਣ ਲਈ ਜੋ ਜਗ੍ਹਾ ਦਾ ਬੰਦੋਬਸਤ ਕੀਤਾ ਸੀ, ਉਸ ਜਗ੍ਹਾ ਦਾ 8 ਲੱਖ ਰੁਪਈਆ ਠੇਕਾ ਦੇ ਚੁੱਕੀ ਹੈ ਜਿਸ ਦੀ ਪਰਮਿਸ਼ਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਦਿੱਤੀ ਗਈ ਸੀ।
Publish Date: Tue, 04 Aug 2026 03:23 PM (IST)
Updated Date: Tue, 04 Aug 2026 03:31 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ। ਗੁਰਦਾਸਪੁਰ ਤੋਂ ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅੱਜ ਵਿਧਾਨ ਸਭਾ ’ਚ ਆਪਣੇ ਹਲਕਾ ਗੁਰਦਾਸਪੁਰ ’ਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਪਿਛਲੇ ਲਗਪਗ ਤਿੰਨ ਸਾਲਾਂ ਤੋਂ ਗੁਰਦਾਸਪੁਰ ’ਚ ਅਸੀਂ ਆਪਣੀ ਪ੍ਰਾਈਵੇਟ ਜਗ੍ਹਾ ਉੱਪਰ ਕੂੜਾ ਸੁੱਟ ਰਹੇ ਹਾਂ ਅਤੇ ਪ੍ਰਸ਼ਾਸ਼ਨ ਵੱਲੋਂ ਸਾਨੂੰ ਕੋਈ ਵੀ ਜਗ੍ਹਾ ਮੁਹੱਈਆ ਨਹੀਂ ਕਾਰਵਾਈ ਜਾ ਰਹੀ।
ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕੂੜਾ ਸੁੱਟਣ ਲਈ ਜੋ ਜਗ੍ਹਾ ਦਾ ਬੰਦੋਬਸਤ ਕੀਤਾ ਸੀ, ਉਸ ਜਗ੍ਹਾ ਦਾ 8 ਲੱਖ ਰੁਪਈਆ ਠੇਕਾ ਦੇ ਚੁੱਕੀ ਹੈ ਜਿਸ ਦੀ ਪਰਮਿਸ਼ਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਦਿੱਤੀ ਗਈ ਸੀ।
ਹੁਣ ਉੱਥੇ ਵੀ ਸਾਨੂੰ ਕੂੜਾ ਸੁੱਟਣ ਨਹੀਂ ਦਿੱਤਾ ਜਾ ਰਿਹਾ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ, ਲੋਕਾਂ ਨੇ ਸਾਨੂੰ ਦੂਜੀ ਵਾਰ ਸਾਡੇ ’ਤੇ ਭਰੋਸਾ ਕਰ ਕੇ ਨਗਰ ਕੌਂਸਲ ਦੀਆਂ ਚੋਣਾਂ ’ਚ ਸਾਡਾ ਸਾਥ ਦਿੰਦੇ ਹੋਏ 21 ਸੀਟਾਂ ਜਿੱਤ ਕੇ ਸਾਡੀ ਝੋਲੀ ’ਚ ਪਾਈਆਂ ਹਨ।
ਇਸ ਲਈ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗੇ। ਪਾਹੜਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸਾਨੂੰ ਕੂੜਾ ਸੁੱਟਣ ਦੀ ਜਗ੍ਹਾ ਨਾ ਮੁਹੱਈਆ ਕਰਵਾਈ ਗਈ ਤਾਂ ਇਹ ਕੂੜਾ ਡੀ.ਸੀ. ਦਫਤਰ ਦੇ ਅੱਗੇ ਅਤੇ ਹੋਰ ਸਬੰਧਤ ਅਧਿਕਾਰੀਆਂ ਦੇ ਦਫਤਰਾਂ ਦੇ ਬਾਹਰ ਲਗਾਇਆ ਜਾਵੇਗਾ।