- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਬਟਾਲਾ ਤੋਂ ਮਹਾਨ ਨਗਰ ਕੀਰਤਨ 18 ਨੂੰ ਸਜਾਇਆ ਜਾਵੇਗਾ : ਗੋਰਾ, ਜੱਸਲ, ਧਾਰੋਵਾਲੀ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ 18 ਸਤੰਬਰ ਨੂੰ ਬਹੁਤ ਹੀ ਸ਼ਰਧਾ ਸਤਿਕਾਰ ਉਤਸ਼ਾਹ ਅਤੇ ਖ਼ਾਲਸਾਈ ਰਵਾਇਤ ਨਾਲ ਮਨਾਇਆ ਜਾਵੇਗਾ। ਉਕਤ ਜਾਣਕਾਰੀ ਵਿਆਹ ਪੁਰਬ ਦੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ ਦੋਵੇਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਗਦੀਪ ਸਿੰਘ ਧਾਰੋਵਾਲੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਸਤਿਕਰਤਾਰੀਆਂ ਸਾਹਿਬ ਨੇ ਸਾਂਝੇ ਤੌਰ ’ਤੇ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਸਲਾਨਾ ਜੋੜ ਮੇਲਾ ਮਨਾਉਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ ਇਸ ਵਾਰ 16 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਆਉਣ ਵਾਲੇ ਮਹਾਨ ਨਗਰ ਕੀਰਤਨ ਦਾ ਪਹਿਲਾ ਠਹਿਰਾਓ 16 ਸਤੰਬਰ ਦੀ ਰਾਤ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗਾ ਅਤੇ 17 ਸਤੰਬਰ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਸ਼ਾਮ ਨੂੰ ਬਟਾਲੇ ਪਹੁੰਚੇਗਾ । ਜਥੇਦਾਰ ਗੋਰਾ, ਜਥੇਦਾਰ ਜੱਸਲ ਅਤੇ ਮੈਨੇਜਰ ਧਾਰੋਵਾਲੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ ਤੋਂ 18 ਸਤੰਬਰ ਨੂੰ ਸਵੇਰੇ 7 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਸਹੁਰਾ ਘਰ ਅਤੇ ਮਾਤਾ ਸੁਲੱਖਣੀ ਜੀ ਦੇ ਪੇਕਾ ਘਰ ਇਤਿਹਾਸਕ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਵੇਗਾ ਜੋ ਖਜੂਰੀ ਗੇਟ, ਸਮਾਧ ਰੋਡ, ਹੰਸਲੀ ਪੁਲ, ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਚੋਂਕ, ਸ਼ਾਸਤਰੀ ਨਗਰ, ਸਿੰਬਲ ਚੋਂਕੀ, ਪੁਲਿਸ ਲਾਈਨ ਰੋਡ, ਜੀਟੀ ਰੋਡ, ਕਾਦੀਆਂ ਫਾਟਕ, ਗੁਰੂ ਨਾਨਕ ਨਗਰ, ਸਿੰਬਲ ਚੋਂਕ, ਕਾਹਨੂੰਵਾਨ ਰੋਡ, ਇੰਪਰੂਵਮੈਂਟ ਟਰੱਸਟ ਦਫ਼ਤਰ, ਐੱਸਐੱਸਪੀ ਦਫਤਰ, ਗਾਂਧੀ ਚੌਕ, ਸਿਟੀ ਰੋਡ, ਸਿਨੇਮਾ ਰੋਡ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਸ਼ੇਰਾਂ ਵਾਲਾ ਗੇਟ, ਸਿਟੀ ਥਾਣਾ, ਠਠਿਆਰੀ ਗੇਟ, ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਹੁੰਦਾ ਹੋਇਆ ਰਾਤ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਉਹਨਾਂ ਦੱਸਿਆ ਕਿ ਵਿਆਹ ਪੁਰਬ ਦੇ ਸਬੰਧ ’ਚ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਹਨ ਅਤੇ ਸੰਗਤਾਂ ਵੱਲੋਂ ਨਿਰੰਤਰ ਗੁਰਮਤਿ ਸਮਾਗਮਾਂ ਦੀ ਲੜੀ ਚਲਾਈ ਹੋਈ ਹੈ।