ਗ੍ਰਾਮ ਪੰਚਾਇਤ ਢੱਕੀ ਕਲਾਨੌਰ ਵੱਲੋਂ ਡੀਸੀ ਦਫ਼ਤਰ ਗੁਰਦਾਸਪੁਰ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਗ੍ਰਾਮ ਪੰਚਾਇਤ ਢੱਕੀ ਕਲਾਨੌਰ ਵੱਲੋਂ ਡੀਸੀ ਦਫ਼ਤਰ ਗੁਰਦਾਸਪੁਰ ਬਾਹਰ ਬੀਡੀਪੀਓ ਕਲਾਨੌਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
Publish Date: Thu, 08 Oct 2026 04:42 PM (IST)
Updated Date: Thu, 08 Oct 2026 04:44 PM (IST)
--ਪ੍ਰਦਰਸ਼ਨਕਾਰੀਆਂ ਨੇ ਧਾਂਦਲੀ ਦੇ ਲਾਏ ਦੋਸ਼, ਡੀਸੀ ਨੂੰ ਸੌਂਪਿਆ ਮੰਗ ਪੱਤਰ ਪੰਜਾਬੀ ਜਾਗਰਣ ਟੀਮ, ਗੁਰਦਾਸਪੁਰ: ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਦੇ ਬਾਹਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੰਜਾਬ ਦੀ ਆਮਦਨ ਪੱਖੋਂ ਮੋਹਰੀ ਕਸਬਾ ਕਲਾਨੌਰ ਦੀ ਗ੍ਰਾਮ ਪੰਚਾਇਤ ਢੱਕੀ ਦੀ ਗ੍ਰਾਮ ਪੰਚਾਇਤ ਦੇ ਸਰਪੰਚ, ਪੰਚਾਂ ਅਤੇ ਮੋਹਤਬਰਾਂ ਵੱਲੋਂ ਸੈਂਕੜੇ ਦੇ ਕਰੀਬ ਸਾਥੀਆਂ ਸਮੇਤ ਬੀਡੀਪੀਓ ਕਲਾਨੌਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਧਾਂਦਲੀ ਦੇ ਗੰਭੀਰ ਦੋਸ਼ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਮ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਬਲਜੀਤ ਕੌਰ, ਪੰਚ ਬਲਵਿੰਦਰ ਪਾਲ, ਪੰਚ ਮਦਨ ਲਾਲ, ਪੰਚ ਪਰਮਜੀਤ ਸਿੰਘ, ਜੰਗ ਬਹਾਦਰ, ਪੰਚ ਕਵਿਤਾ ਆਦਿ ਤੋਂ ਇਲਾਵਾ ਸਮਾਜ ਸੇਵਕ ਮਹਿਕ ਪ੍ਰੀਤ ਬਾਜਵਾ ਵੀ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਕਲਾਨੌਰ ਵਿਖੇ ਪੱਕਾ ਧਰਨਾ ਲਗਾ ਕੇ ਮੋਰਚਾ ਖੋਲ੍ਹਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਲਾਨੌਰ ਦੀਆਂ ਪੰਚਾਇਤੀ ਦੁਕਾਨਾਂ ਅਤੇ ਜ਼ਮੀਨ ਦੀ ਬੋਲੀ ਤੋਂ ਇਲਾਵਾ ਹੋਰ ਵੀ ਵੱਡੇ ਘਪਲੇ ਹੋਏ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਢੱਕੀ ਵੱਲੋਂ ਕਲਾਨੌਰ ਪੰਚਾਇਤ ਦੇ ਪੈਸਿਆਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। --ਬੀਡੀਪੀਓ ਦੇ ਹੱਕ ਵਿੱਚ ਨਿੱਤਰੇ ਕਲਾਨੌਰ ਦੇ ਸਰਪੰਚ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ-- ਇਸ ਮੌਕੇ ਤੇ ਕਲਾਨੌਰ ਦੀ ਗ੍ਰਾਮ ਪੰਚਾਇਤ ਮੋਜੋਵਾਲ ਦੇ ਸਰਪੰਚ ਹਰਦੀਪ ਸਿੰਘ ਮਠਾਰੂ, ਗ੍ਰਾਮ ਪੰਚਾਇਤ ਜਲਾਲਦਾਰਾਂ ਤੋਂ ਸਰਪੰਚ ਜਤਿੰਦਰ ਸਿੰਘ ਗੋਰਾ ਤੋਂ ਇਲਾਵਾ ਬਲਾਕ ਕਲਾਨੌਰ ਅਧੀਨ ਆਉਂਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੇ ਬੀਡੀਪੀਓ ਦਫ਼ਤਰ ਕਲਾਨੌਰ ਪਹੁੰਚ ਕੇ ਬੀਡੀਪੀਓ ਸੁਰਜੀਤ ਸਿੰਘ ਬਰਾੜ ਦੇ ਹੱਕ ਵਿੱਚ ਸਮਰਥਨ ਦਿੱਤਾ। ਇਸ ਮੌਕੇ ਉਕਤ ਸਰਪੰਚਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਾਮ ਪੰਚਾਇਤ ਢੱਕੀ ਦੀ ਪੰਚਾਇਤ ਵੱਲੋਂ ਬੀਡੀਪੀਓ ਖ਼ਿਲਾਫ਼ ਨਿੱਜੀ ਰੰਜਿਸ਼ ਤਹਿਤ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲਾਨੌਰ ਦੀਆਂ ਪੰਚਾਇਤਾਂ ਜੋ 13 ਸਾਲ ਬਾਅਦ ਹੋਂਦ ਵਿੱਚ ਆਈਆਂ ਹਨ, ਉਨ੍ਹਾਂ ਵਿੱਚ ਬਿਨਾਂ ਭੇਦਭਾਵ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਬਲਾਕ ਕਲਾਨੌਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਸਰਪੰਚਾਂ ਨੇ ਵੀ ਬੀਡੀਪੀਓ ਦੇ ਹੱਕ ਵਿੱਚ ਸਮਰਥਨ ਦਿੰਦਿਆਂ ਕਿਹਾ ਕਿ ਬੀਡੀਪੀਓ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਰਣਜੀਤ ਸਿੰਘ ਸੱਕਰੀ, ਹਰਮਨ ਸਿੰਘ ਮੱਲਿਆਵਾਲ, ਮਨਦੀਪ ਸਿੰਘ ਦਿਓ, ਰਜਿੰਦਰ ਸਿੰਘ ਸਰਪੰਚ ਸਪਰਾਏ, ਸਰਪੰਚ ਰਵੇਲ ਸਿੰਘ ਆਦਿ ਹਾਜ਼ਰ ਸਨ। --ਬੀਡੀਪੀਓ ਨੇ ਕੀ ਕਿਹਾ-- ਦੂਜੇ ਪਾਸੇ ਬੀਡੀਪੀਓ ਕਲਾਨੌਰ ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਉਸ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਨੇ ਦੱਸਿਆ ਕਿ ਗ੍ਰਾਮ ਪੰਚਾਇਤ ਕਲਾਨੌਰ ਦੀਆਂ ਪੰਜ ਪੰਚਾਇਤਾਂ ਤੋਂ ਇਲਾਵਾ ਬਲਾਕ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਿਸੇ ਵੀ ਸਰਪੰਚ ਨੂੰ ਉਨ੍ਹਾਂ ਤੇ ਸ਼ਿਕਾਇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਉਸ ਦੇ ਅਕਸ ਨੂੰ ਵਿਗਾੜਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ।