ਨਸ਼ੇ, ਬੇਰੁਜ਼ਗਾਰੀ, ਗੈਂਗਸਟਰਵਾਦ ਨੂੰ ਰੋਕਣ ਦੇ ਸਰਕਾਰ ਦੇ ਦਾਅਵੇ ਖੋਖਲੇ : ਲਾਰੈਂਸ ਚੌਧਰੀ ਨਸ਼ੇ, ਬੇਰੁਜ਼ਗਾਰੀ, ਗੈਂਗਸਟਰਵਾਦ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਸਰਕਾਰ ਦੇ ਦਾਅਵੇ ਖੋਖਲੇ: ਲਾਰੈਂਸ ਚੌਧਰੀ
Publish Date: Sat, 17 Oct 2026 04:19 PM (IST)
Updated Date: Sun, 18 Oct 2026 04:01 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਕ੍ਰਿਸਚੀਅਨ ਨੈਸ਼ਨਲ ਫਰੰਟ (ਸੀਐੱਨਐੱਫ) ਵੱਲੋਂ ਹਲਕਾ ਬਟਾਲਾ ਦੇ ਪਿੰਡ ਕੋਟਲਾ ਮੂਸਾ ਵਿਖੇ ਇੱਕ ਡੈਲੀਗੇਸ਼ਨ ਮੀਟਿੰਗ ਕਰਵਾਈ ਗਈ, ਜਿਸਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਪ੍ਰਧਾਨ ਰਾਕੇਸ਼ ਗਿੱਲ ਨੇ ਜਗਦੀਸ਼ ਮਸੀਹ ਦੇ ਸਹਿਯੋਗ ਨਾਲ ਕੀਤੀ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜਥੇਬੰਦੀ ਦੇ ਵਿਸਥਾਰ, ਨੌਜਵਾਨਾਂ ਦੀ ਲਾਮਬੰਦੀ ਅਤੇ ਭਾਈਚਾਰੇ ਦੇ ਭਖਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਗਦੀਸ਼ ਮਸੀਹ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸ਼ਰਨਜੀਤ ਨੂੰ ਕਾਦੀਆਂ ਬਲਾਕ ਦਾ ਯੂਥ ਪ੍ਰਧਾਨ ਤੇ ਲਿਆਸ ਮਸੀਹ ਨੂੰ ਪੰਜਗਰਾਈ ਬਲਾਕ ਦਾ ਯੂਥ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ। ਸੀਐੱਨਐੱਫ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਜਥੇਬੰਦੀ ਦੀ ਮਜ਼ਬੂਤੀ ਅਤੇ ਲੋਕਾਂ ਦੇ ਹੱਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਪਰੰਤ ਸੰਬੋਧਨ ਕਰਦਿਆਂ ਚੌਧਰੀ ਨੇ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ, ਸਰਕਾਰੀ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵਪਾਰ, ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਦੀ ਮੰਗ ਅਤੇ ਨਾਜਾਇਜ਼ ਮਾਈਨਿੰਗ ਵਰਗੀਆਂ ਸਮੱਸਿਆਵਾਂ ਨੂੰ ਕਾਬੂ ਕਰਨ ਸਬੰਧੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸੀਐੱਨਐੱਫ ਦੀ ਅਗਵਾਈ ਹੇਠ ਫਤਿਹਗੜ੍ਹ ਚੂੜੀਆਂ ਅਤੇ ਬਟਾਲਾ ਹਲਕੇ ਵਿੱਚ ਰੈਲੀ ਕੀਤੀ ਜਾਵੇਗੀ, ਜਿਸ ਰਾਹੀਂ ਭਾਈਚਾਰੇ ਅਤੇ ਆਮ ਲੋਕਾਂ ਨਾਲ ਸਬੰਧਤ ਅਹਿਮ ਮੰਗਾਂ ਨੂੰ ਉਭਾਰਿਆ ਜਾਵੇਗਾ, ਜਿੰਨ੍ਹਾਂ ’ਚ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਕਬਰਿਸਤਾਨਾਂ ਲਈ ਜ਼ਮੀਨ ਦਾ ਪ੍ਰਬੰਧ, ਕ੍ਰਿਸਚੀਅਨ ਰੈਜੀਮੈਂਟ ਦੀ ਬਹਾਲੀ, ਗ਼ਰੀਬ ਪਰਿਵਾਰਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨਾ, ਬੇਘਰ ਲੋਕਾਂ ਨੂੰ ਘਰ ਮੁਹੱਈਆ ਕਰਵਾਉਣਾ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣਾ ਅਤੇ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਸ਼ਾਮਲ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਵਿਰੁੱਧ ਇਕਜੁੱਟ ਹੋ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਸੰਤ ਸਤਪਾਲ, ਬਿਸ਼ਪ ਰੌਬਰਟ ਜੇਮਸ, ਪਾਸਟਰ ਸ਼ੈਮੁਅਲ, ਪਾਸਟਰ ਮਨਦੀਪ, ਪਾਸਟਰ ਸੰਦੀਪ, ਸਰਬਜੀਤ ਸਾਬੀ, ਹਰਪਾਲ, ਗੌਤਮ ਪ੍ਰਧਾਨ ਕਾਦੀਆਂ ਰਾਜਪੂਤ, ਸਰਦੂਲ ਮਸੀਹ ਫੌਜੀ, ਵਾਰਿਸ ਮਸੀਹ, ਹਰਪ੍ਰੀਤ (ਹੈਪੀ), ਗੁਰਪ੍ਰੀਤ ਮਸੀਹ, ਕੁਲਦੀਪ ਗਿੱਲ, ਸਰਬਜੀਤ ਗਿੱਲ, ਜੈਮਲ ਅਤੇ ਪ੍ਰੀਤ ਸਿੰਘ (ਰਿੰਕੂ) ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਭੈਣਾਂ ਨੇ ਸ਼ਮੂਲੀਅਤ ਕੀਤੀ।