ਦਾਣਾ ਮੰਡੀ ਬਜਾੜ ਵਿੱਚ 8 ਦਿਨ ਬਾਅਦ ਵੀ ਨਹੀਂ ਸ਼ੁਰੂ ਝੋਨੇ ਦੀ ਸਰਕਾਰੀ ਖ਼ਰੀਦ ਅਤੇ ਨਾ ਹੀ ਪੁੱਜਿਆ ਬਾਰਦਾਨਾ ਦਾਣਾ ਮੰਡੀ ਬਜਾੜ ਵਿੱਚ 8 ਦਿਨ ਬਾਅਦ ਵੀ ਨਹੀਂ ਸ਼ੁਰੂ ਝੋਨੇ ਦੀ ਸਰਕਾਰੀ ਖ਼ਰੀਦ ਅਤੇ ਨਾ ਹੀ ਪੁੱਜਿਆ ਬਾਰਦਾਨਾ
Publish Date: Fri, 09 Oct 2026 04:53 PM (IST)
Updated Date: Fri, 09 Oct 2026 04:56 PM (IST)
ਉਮੇਸ਼ ਅੱਤਰੀ, ਪੰਜਾਬੀ ਜਾਗਰਣ ਕਾਹਨੂੰਵਾਨ: ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦੇ ਦਾਅਵਿਆਂ ਦੇ ਉਲਟ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੀ ਦਾਣਾ ਮੰਡੀ ਬਜਾੜ ਵਿੱਚ 8 ਦਿਨ ਬਾਅਦ ਵੀ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਮੰਡੀ ਵਿੱਚ ਬਾਰਦਾਨਾ ਅਤੇ ਨਾ ਹੀ ਕਿਸੇ ਸਰਕਾਰੀ ਏਜਸੀ ਦਾ ਕੋਈ ਅਧਿਕਾਰੀ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਲਈ ਪੁੱਜਿਆ ਹੈ। ਜਿਸ ਕਰਕੇ ਇਸ ਮੰਡੀ ਦੇ ਫੜ ਵਿੱਚ ਆਪਣੀ ਜਿਨਸ ਵੇਚਣ ਲਈ ਆਏ ਕਿਸਾਨਾਂ ਨੂੰ ਭਾਰੀ ਖੱਜ਼ਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਮੰਡੀ ਵਿੱਚ ਜਿਨਸ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫਤੇ ਤੋਂ ਵੱਧ ਸਮਾਂ ਇਸ ਮੰਡੀ ਦੇ ਵਿੱਚ ਆਪਣੀ ਜਿਨਸ ਲੈ ਕੇ ਆਏ ਹਨ ਪਰ ਉਹਨਾਂ ਦੀ ਜਿਨਸ ਨੂੰ ਕਿਸੇ ਸਰਕਾਰੀ ਏਜੰਸੀ ਵੱਲੋਂ ਹਾਲੇ ਤੱਕ ਨਹੀਂ ਖਰੀਦਿਆ ਗਿਆ। ਦਾਣਾ ਮੰਡੀ ਬਜਾੜ ਦਾ ਦੌਰਾ ਕਰਨ ’ਤੇ ਮੰਡੀ ਵਿੱਚ ਝੋਨੇ ਦੇ ਵੱਡੇ-ਵੱਡੇ ਢੇਰ ਨਜ਼ਰ ਆਏ। ਇਸ ਮੌਕੇ ਕਿਸਾਨ ਰਛਪਾਲ ਸਿੰਘ ਅਤੇ ਕੇਵਲ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮਾਂ ਆਪਣੀ ਜਿਨਸ ਮੰਡੀ ਵਿੱਚ ਵੇਚਣ ਲਈ ਆਏ ਹਨ ਪਰ ਅਜੇ ਤੱਕ ਉਨ੍ਹਾਂ ਦੀ ਜਿਨਸ ਦੀ ਖਰੀਦ ਨਹੀਂ ਹੋ ਸਕੀ। ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਮੌਸਮ ਦੀ ਮਾਰ ਤੋਂ ਚਿੰਤਤ ਹਨ ਅਤੇ ਹੁਣ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਕਮੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਆੜ੍ਹਤੀ ਹਰਭਜਨ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਅਜੇ ਤੱਕ ਲੋੜ ਅਨੁਸਾਰ ਬਾਰਦਾਨਾ ਨਹੀਂ ਪਹੁੰਚਿਆ। ਉਨ੍ਹਾਂ ਮੁਤਾਬਕ ਮਾਰਕਫੈਡ, ਪਨਸਪ ਅਤੇ ਪਨਗ੍ਰੇਨ/ਸਬੰਧਤ ਸਰਕਾਰੀ ਖਰੀਦ ਏਜੰਸੀਆਂ ਨਾਲ ਜੁੜੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਆੜਤੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਆੜ੍ਹਤੀਆਂ ਨੂੰ ਆਪਣੇ ਪੱਧਰ ’ਤੇ ਬਾਰਦਾਨਾ ਖ਼ਰੀਦ ਕੀਤਾ ਗਿਆ ਹੈ। ਇਸ ਸੰਬੰਧੀ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਦਾ ਪੱਖ ਜਾਨਣ ਲਈ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਕੇਵਲ ਸਿੰਘ ਕਿਸ਼ਨਪੁਰ, ਰਛਪਾਲ ਸਿੰਘ ਮੁੰਨਣ, ਗੁਰਚਰਨ ਸਿੰਘ ਪੰਡੋਰੀ, ਦਿਲਦਾਰ ਸਿੰਘ ਸੱਲੋਪੁਰ, ਬੀਰ ਸਿੰਘ, ਮਲਕੀਤ ਸਿੰਘ ਭੂਸ, ਬਿਧੀ ਸਿੰਘ ਅਤੇ ਗੁਰਮੇਜ ਸਿੰਘ ਭੂਸ ਆਦਿ ਹਾਜ਼ਿਰ ਸਨ।