ਸੋਨੇ-ਚਾਂਦੀ ਦੇ ਭਾਅ ਡਿੱਗਣ ਕਾਰਨ ਮੁਰਝਾਏ ਸੁਨਿਆਰਿਆਂ ਦੇ ਚਿਹਰੇ ਸੋਨੇ-ਚਾਂਦੀ ਦੇ ਭਾਅ ਡਿੱਗਣ ਕਾਰਨ ਸੁਨਿਆਰਿਆਂ ਦੇ ਚਿਹਰੇ ਮੁਰਝਾਏ, ਗਾਹਕਾਂ ਦੇ ਚਿਹਰਿਆਂ 'ਤੇ ਆਈ ਰੌਣਕ
Publish Date: Wed, 04 Nov 2026 04:04 PM (IST)
Updated Date: Wed, 04 Nov 2026 04:05 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਮੌਕੇ ਜਿੱਥੇ ਹਰ ਸਾਲ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਸੋਨੇ-ਚਾਂਦੀ ਦੇ ਭਾਅ ਵੱਧਦੇ ਆਏ ਹਨ, ਉੱਥੇ ਇਸ ਵਾਰ ਸੋਨੇ ਦੇ ਭਾਅ ’ਚ ਆਈ ਵੱਡੀ ਗਿਰਾਵਟ ਕਾਰਨ ਜਿੱਥੇ ਸੋਨੇ ਦਾ ਕੰਮ-ਕਾਰ ਕਰਨ ਵਾਲੇ ਸੁਨਿਆਰਿਆਂ ਦੇ ਚਿਹਰੇ ਮੁਰਝਾਏ ਗਏ ਹਨ, ਉੱਥੇ ਸੋਨੇ ਦਾ ਭਾਅ ਸਸਤਾ ਹੋਣ ਕਾਰਨ ਗਹਿਣੇ ਖਰੀਦਣ ਵਾਲੇ ਗਾਹਕਾਂ ਦੇ ਚਿਹਰੇ ਖਿੜੇ ਦਿਖਾਈ ਦੇ ਰਹੇ ਹਨ। ਇਸ ਮੌਕੇ ’ਤੇ ਜੱਦੀ-ਪੁਸ਼ਤੀ ਸੋਨੇ, ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਆ ਰਹੇ ਸੁਖਜਿੰਦਰ ਸਿੰਘ ਜੌੜਾ, ਪ੍ਰਦੀਪ ਕੁਮਾਰ, ਹਰਦੀਪ ਕੁਮਾਰ ਆਦਿ ਕਾਰੀਗਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਤੇ ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਨੇ ਤੇ ਚਾਂਦੀ ਦੇ ਗਹਿਣੇ ਹੱਥੀਂ ਤਿਆਰ ਕਰਨ ਲਈ ਸੋਨਾ ਤੇ ਚਾਂਦੀ ਦੀ ਖਰੀਦ ਕੀਤੀ ਗਈ ਸੀ, ਪਰੰਤੂ ਅਚਾਨਕ ਸੋਨੇ ਦੇ ਭਾਅ ’ਚ ਵੱਡੀ ਗਿਰਾਵਟ ਆਉਣ ਕਾਰਨ ਉਨ੍ਹਾਂ ਦਾ ਲੱਖਾਂ-ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਜਿੱਥੇ ਸੋਨੇ ਦਾ ਭਾਅ ਪ੍ਰਤੀ ਤੋਲਾ 1 ਲੱਖ 90 ਹਜ਼ਾਰ ਸੀ, ਜਦਕਿ ਬਾਅਦ ’ਚ ਸੋਨੇ ਦਾ ਰੇਟ ਥੋੜ੍ਹਾ-ਥੋੜ੍ਹਾ ਘਟਣ ਤੋਂ ਬਾਅਦ ਦੀਵਾਲੀ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਸੋਨੇ ਦਾ ਭਾਅ ਜੋ 1,60 ਹਜ਼ਾਰ ਦੇ ਕਰੀਬ ਸੀ, ਹੁਣ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਸੋਨਾ 24 ਕੈਰੇਟ ਦਾ ਭਾਅ 1 ਲੱਖ 40 ਹਜ਼ਾਰ ਰੁਪਏ ਹੋ ਗਿਆ ਹੈ, ਜਦਕਿ 22 ਕੈਰੇਟ ਸੋਨਾ 1 ਲੱਖ 32 ਹਜ਼ਾਰ ਹੋ ਗਿਆ ਹੈ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਚਾਂਦੀ ਦਾ ਭਾਅ 2,40 ਹਜ਼ਾਰ ਰੁਪਏ ਪ੍ਰਤੀ ਕਿਲੋ ਸੀ, ਜਦਕਿ ਹੁਣ 1,90 ਹਜ਼ਾਰ ਤੱਕ ਰਹਿ ਗਿਆ ਹੈ। ਇਸ ਮੌਕੇ ’ਤੇ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਜਿੱਥੇ ਸੋਨੇ-ਚਾਂਦੀ ਦੇ ਭਾਅ ਘਟਣ ਕਾਰਨ ਉਨ੍ਹਾਂ ਦਾ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਜਿਹੜੇ ਗਾਹਕਾਂ ਨੇ ਦੋ ਮਹੀਨੇ ਪਹਿਲਾਂ ਸੋਨੇ ਦੇ ਗਹਿਣੇ ਬਣਾਉਣ ਦੇ ਆਰਡਰ ਦਿੱਤੇ ਉਹ ਵੀ ਟੁੱਟੇ ਰੇਟਾਂ ਦੇ ਹਿਸਾਬ ਨਾਲ ਗਹਿਣੇ ਖਰੀਦਣ ਲਈ ਪੈਰ ਪਿੱਛੇ ਨੂੰ ਖਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗਾਹਕਾਂ ਤੋਂ ਗਹਿਣੇ ਬਣਾਉਣ ਦੀ ਮਿਲੀ ਸਾਈ ਤਹਿਤ ਹੀ ਮਹਿੰਗੇ ਭਾਅ ਦਾ ਸੋਨਾ ਖਰੀਦ ਕੇ ਗਹਿਣੇ ਤਿਆਰ ਕੀਤੇ ਹੋਏ ਹਨ। ਇਸ ਮੌਕੇ ’ਤੇ ਸੁਨਿਆਰਿਆਂ ਨੇ ਦੱਸਿਆ ਕਿ ਇਸ ਵਾਰ ਝੋਨੇ ਤੇ ਬਾਸਮਤੀ ਦਾ ਝਾੜ ਤੇ ਰੇਟ ਚੌਥਾ ਹੋਣ ਕਾਰਨ ਕਈ ਲੋਕ ਸੋਨਾ ਖਰੀਦਣ ਨੂੰ ਤਰਜੀਹ ਦੇ ਰਹੇ ਹਨ, ਪਰੰਤੂ ਉਨ੍ਹਾਂ ਨੂੰ ਸੋਨੇ ’ਚ ਵੱਡਾ ਘਾਟਾ ਪੈਣ ਕਾਰਨ ਉਹ ਸੋਨਾ ਖਰੀਦਣ ਤੋਂ ਵੀ ਕੰਨੀ ਕਤਰਾ ਰਹੇ ਹਨ, ਜਦਕਿ ਸੋਨੇ ਦਾ ਭਾਅ ਸਸਤਾ ਹੋਣ ਕਾਰਨ ਸੋਨਾ-ਚਾਂਦੀ ਖਰੀਦਣ ਦਾ ਢੁੱਕਵਾਂ ਸਮਾਂ ਹੈ।