
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਖਾਂ ਦੇ ਚੈਕਅੱਪ ਕੈਂਪ ਵਿੱਚ 45 ਬਜ਼ੁਰਗਾਂ ਨੂੰ ਵੰਡੀਆਂ ਐਨਕਾਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤੈਅ ਪ੍ਰੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਐੱਮਓ ਆਈ ਮੋਬਾਈਲ ਯੂਨਿਟ ਗੁਰਦਾਸਪੁਰ ਡਾ. ਵਿੰਮੀ ਮਹਾਜਨ ਦੀ ਅਗਵਾਈ ਵਿੱਚ ਜ਼ਿਲ੍ਹਾ ਹਸਪਤਾਲ ਵਿਖੇ ਬਜ਼ੁਰਗਾਂ ਲਈ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅੰਕਿਤ ਰਤਨ ਅਤੇ ਅਪਥਾਲਮਿਕ ਅਫ਼ਸਰ ਸਰਬਜੀਤ ਦੀ ਟੀਮ ਵੱਲੋਂ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਖਾਂ ਦੇ ਰੋਗਾਂ, ਇਲਾਜ ਅਤੇ ਅੱਖਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ। ਐੱਸਐੱਮਓ ਡਾ. ਵਿੰਮੀ ਮਹਾਜਨ ਨੇ ਦੱਸਿਆ ਕਿ ਅੱਖਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਖਾਂ ਵਿੱਚ ਮੋਤੀਆ ਰੋਗ ਦੀ ਪਛਾਣ ਸਮੇਂ ਸਿਰ ਕਰਨ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਮੋਤੀਆ ਦਾ ਆਪ੍ਰੇਸ਼ਨ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਕੈਂਪ ਵਿੱਚ 105 ਬਜ਼ੁਰਗਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 45 ਬਜ਼ੁਰਗਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਮੋਤੀਆਬਿੰਦ ਦੇ 5 ਮਾਮਲੇ ਪਾਏ ਗਏ ਜਿਨ੍ਹਾਂ ਨੂੰ ਆਪ੍ਰੇਸ਼ਨ ਲਈ ਰੈਫ਼ਰ ਕੀਤਾ ਗਿਆ।