ਰੰਗਦਾਰੀ ਮਾਮਲੇ ’ਚ ਗੈਂਗਸਟਰ ਭਿਖਾਰੀਵਾਲ ਨੂੰ ਅਦਾਲਤ ’ਚ ਕੀਤਾ ਪੇਸ਼, ਅਗਲੀ ਸੁਣਵਾਈ 12 ਨੂੰ ਨਾਮੀ ਪ੍ਰਾਪਰਟੀ ਡੀਲਰ ਤੋਂ ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਭਿਖਾਰੀਵਾਲ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
Publish Date: Tue, 29 Sep 2026 07:39 PM (IST)
Updated Date: Wed, 30 Sep 2026 04:07 AM (IST)
ਜੀਆਰਪੀ—ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਅਦਾਲਤ ਲਿਜਾਂਦੀ ਹੋਈ ਪੁਲਿਸ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਬਠਿੰਡਾ ਦੀ ਹਾਈ ਸਿਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਮੰਗਲਵਾਰ ਨੂੰ ਗੁਰਦਾਸਪੁਰ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਮਲਾ ਗੁਰਦਾਸਪੁਰ ਦੇ ਇਕ ਨਾਮੀ ਪ੍ਰਾਪਰਟੀ ਡੀਲਰ ਨੂੰ ਡੇਢ ਕਰੋੜ ਦੀ ਫਿਰੌਤੀ ਲਈ ਮਿਲੀ ਧਮਕੀ ਦਾ ਹੈ। ਜਿਸ ਦੀ ਐੱਫਆਈਆਰ ਸਾਲ 2022 ’ਚ ਥਾਣਾ ਸਿਟੀ ਗੁਰਦਾਸਪੁਰ ’ਚ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਵੱਲੋਂ ਮਾਮਲੇ ਦੇ ਇਕ ਹੋਰ ਮੁਲਜ਼ਮ ਨੂੰ ਬੇਕਸੂਰ ਮੰਨ ਕੇ ਐੱਫਆਈਆਰ ਤੋਂ ਬਾਹਰ ਕਰਨ ਖ਼ਿਲਾਫ਼ ਲਗਾਈ ਗਈ ਇਕ ਐਪਲੀਕੇਸ਼ਨ ਦੇ ਮਾਮਲੇ ’ਚ ਸੁੱਖ ਭਿਖਾਰੀਵਾਲ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਸੀ। ਭਾਰੀ ਸੁਰੱਖਿਆ ਵਿਚਕਾਰ ਸੁੱਖ ਭਿਖਾਰੀਵਾਲ ਨੂੰ ਬੁਲਟਪਰੂਫ਼ ਗੱਡੀ ’ਤੇ ਅਦਾਲਤ ਲਿਆਇਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਿਖਾਰੀਵਾਲ ਦੇ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਭਿਖਾਰੀਵਾਲ ਖ਼ਿਲਾਫ਼ ਕੁੱਲ ਪੰਜ ਮਾਮਲੇ ਹੋਰ ਦਰਜ ਹਨ, ਜਦਕਿ ਦੋ ਹੋਰ ਮਾਮਲਿਆਂ ’ਚ ਉਹ ਬਰੀ ਵੀ ਹੋ ਚੁੱਕਾ ਹੈ। ਜਦੋਂ ਇਹ ਫਿਰੌਤੀ ਵਾਲੀ ਵਾਰਦਾਤ ਹੋਈ ਸੀ, ਉਸ ਵੇਲੇ ਵੀ ਉਹ ਜੇਲ੍ਹ ’ਚ ਬੰਦ ਸੀ ਤੇ ਹਾਈ ਸਿਕਿਓਰਿਟੀ ਜੇਲ੍ਹ ਤੋਂ ਕਿਸੇ ਨੂੰ ਧਮਕੀ ਕਿਵੇਂ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਅਗਲੀ ਤਰੀਕ 12 ਅਕਤੂਬਰ ਦਿੱਤੀ ਹੈ ਤੇ ਇਸ ਤਰੀਕ ’ਤੇ ਉਨ੍ਹਾਂ ਵੱਲੋਂ ਆਪਣਾ ਜਵਾਬ ਅਦਾਲਤ ਵਿੱਚ ਦਿੱਤਾ ਜਾਵੇਗਾ।