ਪਰਾਲੀ ਸੜਨ ਕਾਰਨ ਪ੍ਰਭਾਵਿਤ ਗੁੱਜਰ ਪਰਿਵਾਰ ਦੇ ਡੇਰੇ ’ਤੇ ਪੁੱਜੇ ਸਾਬਕਾ ਵਿਧਾਇਕ ਪਰਾਲੀ ਨੂੰ ਅੱਗ ਲੱਗਣ ਕਾਰਨ ਪ੍ਰਭਾਵਿਤ ਗੁੱਜਰ ਪਰਿਵਾਰ ਦੇ ਡੇਰੇ ’ਤੇ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ
Publish Date: Wed, 18 Nov 2026 05:28 PM (IST)
Updated Date: Thu, 19 Nov 2026 04:04 AM (IST)
- ਆਰਥਿਕ ਸਹਾਇਤਾ ਦੇ ਕੇ ਵਧਾਇਆ ਹੌਸਲਾ ਜੀਆਰਪੀ- ਸਾਬਕਾ ਵਿਧਾਇਕ ਜੋਗਿੰਦਰ ਪਾਲ ਗੁੱਜਰ ਪਰਿਵਾਰ ਦਾ ਹਾਲ ਚਾਲ ਪੁੱਛਦੇ ਹੋਏ। ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ : ਹਲਕਾ ਭੋਆ ਅਧੀਨ ਪੈਂਦੇ ਪਿੰਡ ਬੁੱਢਾਨਗਰ ’ਚ ਪਿਛਲੇ ਦਿਨੀਂ ਇੱਕ ਗੁੱਜਰ ਪਰਿਵਾਰ ਦੇ ਡੇਰੇ ’ਤੇ ਪਸ਼ੂਆਂ ਦੇ ਚਾਰੇ ਲਈ ਰੱਖੀ ਪਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਅੱਗ ਲੱਗਣ ਦੀ ਇਸ ਘਟਨਾ ਕਾਰਨ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਬਕਾ ਵਿਧਾਇਕ ਜੋਗਿੰਦਰ ਪਾਲ ਪ੍ਰਭਾਵਿਤ ਪਰਿਵਾਰ ਦੇ ਡੇਰੇ ’ਤੇ ਪਹੁੰਚੇ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਬੁੱਢਾਨਗਰ ਵਿਖੇ ਗੁੱਜਰ ਪਰਿਵਾਰ ਦੇ ਡੇਰੇ ’ਤੇ ਅੱਗ ਲੱਗਣ ਕਾਰਨ ਪਰਾਲੀ ਸੜ ਕੇ ਸੁਆਹ ਹੋ ਗਈ, ਜਿਸ ਨਾਲ ਪਰਿਵਾਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਹ ਪਰਾਲੀ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾਣੀ ਸੀ, ਪਰ ਅੱਗ ਦੀ ਘਟਨਾ ਨੇ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਅਜਿਹੇ ਸਮੇਂ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਦੋਵਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਵਿਧਾਇਕ ਨੇ ਪਰਿਵਾਰ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਮੁਸ਼ਕਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਭਵਿੱਖ ਵਿੱਚ ਵੀ ਜਦੋਂ ਕਿਤੇ ਉਨ੍ਹਾਂ ਦੀ ਲੋੜ ਪਵੇਗੀ ਤਾਂ ਉਹ ਮਦਦ ਲਈ ਹਮੇਸ਼ਾ ਉਪਲਬਧ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਛੀਨਾ, ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਪਿੰਕਾ ਬੁੱਢਾਨਗਰ, ਸੰਦੀਪ, ਕਾਕਾ, ਸੁੱਖੂ ਸਮੇਤ ਹੋਰ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ।