ਮਿਸ਼ਨ 2027 ਦੀਆਂ ਤਿਆਰੀਆਂ ’ਚ ਜੁਟੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਮਿਸ਼ਨ 2027 ਦੀਆਂ ਤਿਆਰੀਆਂ ਵਿੱਚ ਜੁਟੇ ਸਾਬਕਾ ਵਿਧਾਇਕ ਜੋਗਿੰਦਰ ਪਾਲ
Publish Date: Sat, 24 Oct 2026 03:47 PM (IST)
Updated Date: Sun, 25 Oct 2026 04:01 AM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਵਿਧਾਨ ਸਭਾ ਹਲਕਾ ਭੋਆ ਵਿੱਚ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰਨ ਅਤੇ ਆਗਾਮੀ ਮਿਸ਼ਨ 2027 ਲਈ ਲੋਕ ਸਮਰਥਨ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜੋਗਿੰਦਰ ਪਾਲ ਨੇ ਲੋਕ ਸੰਪਰਕ ਮੁਹਿੰਮ ਤਹਿਤ ਪਿੰਡ ਲਾਹੜੀ ਮਹੰਤਾਂ ਤੇ ਸੁੰਦਰਚੱਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਾਮਲੀਲਾ ਸਬੰਧੀ ਕਰਵਾਏ ਭੰਡਾਰੇ ਵਿੱਚ ਸ਼ਿਰਕਤ ਕੀਤੀ ਅਤੇ ਸ਼ਰਧਾਲੂਆਂ ਨਾਲ ਸਮਾਂ ਬਿਤਾਇਆ। ਨਾਲ ਹੀ ਇਲਾਕੇ ਦੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਉਮੀਦਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਪ੍ਰੋਗਰਾਮ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਦੇ ਨਾਲ-ਨਾਲ ਨੌਜਵਾਨਾਂ ਦੀ ਸੋਚ ਸਮਝਣ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਜੁੜਨ ਦੇ ਯਤਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਗੱਲਬਾਤ ਦੌਰਾਨ ਜੋਗਿੰਦਰ ਪਾਲ ਨੇ ਨੌਜਵਾਨਾਂ ਤੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ, ਹਲਕਾ ਭੋਆ ਦੇ ਵਿਕਾਸ ਅਤੇ ਮਿਸ਼ਨ 2027 ਸਬੰਧੀ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸੋਚ, ਲੋੜਾਂ ਤੇ ਉਮੀਦਾਂ ਨੂੰ ਸਮਝੇ ਬਿਨਾਂ ਕਿਸੇ ਖੇਤਰ ਦੇ ਵਿਕਾਸ ਦੀ ਮਜ਼ਬੂਤ ਨੀਂਹ ਨਹੀਂ ਰੱਖੀ ਜਾ ਸਕਦੀ। ਸਾਬਕਾ ਵਿਧਾਇਕ ਨੇ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਖੇਡ ਸਹੂਲਤਾਂ ਦਾ ਵਿਸਥਾਰ, ਭਰਤੀਆਂ ਸਬੰਧੀ ਜਾਣਕਾਰੀ, ਰੁਜ਼ਗਾਰ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਬੇਹੱਦ ਜ਼ਰੂਰੀ ਹੈ। ਲੋਕ ਸੰਪਰਕ ਮੁਹਿੰਮ ਦੌਰਾਨ ਜੋਗਿੰਦਰ ਪਾਲ ਨੇ ਸਪੱਸ਼ਟ ਕੀਤਾ ਕਿ ਮਿਸ਼ਨ 2027 ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਉਮੀਦਾਂ ਨੂੰ ਸਮਝਣਾ ਪਵੇਗਾ। ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਪਰਿਵਾਰਾਂ ਦੀ ਆਵਾਜ਼ ਨੂੰ ਤਰਜੀਹ ਦੇ ਕੇ ਹੀ ਲੋਕ ਹਿੱਤਾਂ ਦੀ ਸਿਆਸਤ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਦਿੱਤੇ ਸੁਝਾਵਾਂ ਨੂੰ ਅੱਗੇ ਹੋਣ ਵਾਲੀ ਸਿਆਸੀ ਵਿਚਾਰ-ਚਰਚਾ ਵਿੱਚ ਥਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮੰਟਾ ਸੁੰਦਰਚੱਕ, ਜੌਨੀ ਕੁਮਾਰ, ਦਵਿੰਦਰ ਕੁਮਾਰ, ਲਵਲੀ ਕੁਮਾਰ, ਉਮੇਸ਼ ਕੁਮਾਰ, ਰਮਨ ਕੁਮਾਰ, ਮਹਿੰਦਰ ਪਾਲ, ਜੋਗਿੰਦਰ ਪਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।