ਔਰਤ ਨੂੰ ਬੰਧਕ ਬਣਾ ਕੇ ਨਕਦੀ, ਸੋਨਾ ਤੇ ਹੋਰ ਸਾਮਾਨ ਲੈ ਕੇ ਫਰਾਰ ਸਾਬਕਾ ਸਰਪੰਚਣੀ ਨੂੰ ਬੰਧਕ ਬਣਾ ਕੇ ਨਗਦੀ, ਸੋਨੇ ਦੀਆਂ ਵਾਲੀਆਂ ਤੇ ਸੀਸੀਟੀਵੀ ਦਾ ਡੀਵੀਆਰ ਲੈ ਕੇ ਫਰਾਰ
Publish Date: Sat, 17 Oct 2026 03:42 PM (IST)
Updated Date: Sun, 18 Oct 2026 04:00 AM (IST)
-ਪੁਲਿਸ ਵੱਲੋਂ ਬਰੀਕੀ ਨਾਲ ਕੀਤੀ ਜਾ ਰਹੀ ਜਾਂਚ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੀ ਸਾਬਕਾ ਸਰਪੰਚਣੀ ਜਸਬੀਰ ਕੌਰ ਕਾਹਲੋਂ ਪਤਨੀ ਜਸਬੀਰ ਸਿੰਘ ਕਾਹਲੋਂ ਨੂੰ ਸ਼ਨਿਚਰਵਾਰ ਤੜਕਸਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਬੰਧਕ ਬਣਾ ਕੇ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਤੋਂ ਇਲਾਵਾ ਅਲਮਾਰੀ ਵਿੱਚ ਰੱਖੀ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਇਸ ਮੌਕੇ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰੀ ਕਰਕੇ ਨਾਲ ਲੈ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਪੀੜਤ ਮਹਿਲਾ ਨਾਲ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਕੌਰ ਸਾਬਕਾ ਸਰਪੰਚਣੀ ਪਿੰਡ ਵਡਾਲਾ ਬਾਂਗਰ ਨੇ ਦੱਸਿਆ ਕਿ ਉਸ ਦੇ ਦੋ ਬੇਟੇ, ਨੂੰਹਾਂ ਤੇ ਧੀ ਕੈਨੇਡਾ ਤੇ ਇਟਲੀ ਰਹਿੰਦੇ ਹਨ। ਜਸਬੀਰ ਕੌਰ ਨੇ ਦੱਸਿਆ ਕਿ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਅੱਜ ਰਾਤ ਆਪਣੇ ਗੁਆਂਢੀਆਂ ਦੇ ਘਰ ਸੁੱਤੀ ਸੀ ਅਤੇ ਸਵੇਰੇ 6 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਆਈ ਤਾਂ ਦੋ ਵਿਅਕਤੀ ਉਸ ਦੇ ਘਰ ਦੇ ਗੇਟ ਮੂਹਰੇ ਖੜ੍ਹੇ ਸਨ, ਜੋ ਸ਼ੁੱਕਰਵਾਰ ਸ਼ਾਮ ਨੂੰ ਵੀ ਆਏ ਸਨ। ਉਨ੍ਹਾਂ ਕਿਹਾ ਕਿ ਉਹ ਜੇਲ੍ਹ ਵਿੱਚੋਂ ਆਏ ਹਨ ਅਤੇ ਉਨ੍ਹਾਂ ਨੇ ਮੇਰੇ ਪਤੀ ਬਾਰੇ ਗੱਲਬਾਤ ਕੀਤੀ ਅਤੇ ਉਹ ਮੇਰੇ ਨਾਲ ਹੀ ਘਰ ਦੀ ਦੂਜੀ ਮੰਜ਼ਿਲ ਤੇ ਚੜ੍ਹ ਗਏ ਅਤੇ ਇਸ ਦੌਰਾਨ ਜਦੋਂ ਮੈਂ ਉਨ੍ਹਾਂ ਲਈ ਚਾਹ ਬਣਾ ਰਹੀ ਸੀ ਤਾਂ ਉਕਤ ਦੋਵਾਂ ਨੌਜਵਾਨਾਂ ਨੇ ਮੇਰੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਮੈਨੂੰ ਬੰਧਕ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਦੂਜੇ ਕਮਰੇ ਦੀ ਅਲਮਾਰੀ ਵਿੱਚ ਪਏ 25 ਹਜ਼ਾਰ ਰੁਪਏ ਜੋ ਉਸ ਨੇ ਕਮੇਟੀ ਪਾਈ ਸੀ, ਕੱਢ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀਆਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਬਾਰੇ ਪੁੱਛਿਆ ਅਤੇ ਇਸ ਦੌਰਾਨ ਉਹ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਜਸਬੀਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਪਟਾਕੇ ਵਰਗੀ ਆਵਾਜ਼ ਵੀ ਸੁਣਾਈ ਦਿੱਤੀ। ਇਸ ਮੌਕੇ ਜਸਬੀਰ ਕੌਰ ਅਤੇ ਉਸ ਦੇ ਪਰਿਵਾਰਕ ਜੀਆਂ ਨੇ ਐੱਸਐੱਸਪੀ ਗੁਰਦਾਸਪੁਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੇ ਘਰ ਵਿੱਚੋਂ ਚੋਰੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਬਰੀਕੀ ਨਾਲ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਹੁੰਚੇ ਐੱਸਐੱਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।