- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ-ਭਾਜਪਾ ਦੇ ਗਠਜੋੜ ਨਾਲ ਪੰਜਾਬ ’ਚ ਗਠਜੋੜ ਦੀ ਸਰਕਾਰ ਬਣਨਾ ਤੈਅ : ਕਾਲਾ ਰਾਮ

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਗੁਰਪੁਰਬ ਦਾ ਸ਼ੁਭ ਦਿਹਾੜਾ ਅਕਾਲੀ-ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ। ਇਸ ਪਵਿੱਤਰ ਦਿਨ ’ਤੇ ਅਕਾਲੀ-ਭਾਜਪਾ ਦਾ ਨੂੰਹ-ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ। ਇਸ ਗਠਜੋੜ ਨਾਲ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣਨਾ ਤੈਅ ਹੈ। ਇਹ ਵਿਚਾਰ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਰਪੰਚ ਕਾਲਾ ਰਾਮ ਨੇ ਅਕਾਲੀ-ਭਾਜਪਾ ਦਾ ਗੱਠਜੋੜ ਹੋਣ ਤੋਂ ਬਾਅਦ ਵਿਸ਼ੇਸ਼ ਗੱਲਬਾਤ ਦੌਰਾਨ ਕਹੇ। ਸ਼੍ਰੋਮਣੀ ਅਕਾਲੀ ਦਲ ਬਾਦਲ ਭੋਆ ਹਲਕਾ ਇੰਚਾਰਜ ਕਾਲਾ ਰਾਮ ਨੇ ਅਕਾਲੀ-ਭਾਜਪਾ ਦੇ ਗਠਜੋੜ ਹੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਗਠਜੋੜ ਹੋਣਾ ਸਮੇਂ ਦੀ ਮੰਗ ਸੀ, ਕਿਉਂਕਿ ਜਿਸ ਤਰ੍ਹਾਂ ‘ਆਪ’ ਦੀ ਸਰਕਾਰ ਨੇ ਬੀਤੇ 5 ਸਾਲਾਂ ਦੌਰਾਨ ਪੰਜਾਬ ਨੂੰ ਕਰਜ਼ਾਈ ਕੀਤਾ ਹੈ, ਪੰਜਾਬ ਨੂੰ ਕਾਲੇ ਦੌਰ ਵਿੱਚੋਂ ਕੱਢਣ ਲਈ ਅਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਪੰਜਾਬ ’ਚ ਅਕਾਲੀ-ਭਾਜਪਾ ਦੀ ਸਰਕਾਰ ਆਉਣਾ ਬਹੁਤ ਜ਼ਰੂਰੀ ਹੈ। ਸਰਪੰਚ ਕਾਲਾ ਰਾਮ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਦੀ ਸਰਕਾਰ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਸੋਨੇ ਦੀ ਚਿੜੀ ਬਣੇਗਾ। ਮੋਦੀ ਦੀਆਂ ਨੀਤੀਆਂ ਨੂੰ ਅਤੇ ਆਪਣੇ ਰਾਜ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਗਠਜੋੜ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰ ਰਹੇ ਸਨ, ਕਿਉਂਕਿ ਇਸ ਸਮੇਂ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਦੁਖੀ ਹਨ। ਨਿੱਤ ਆ ਰਹੀਆਂ ਫਿਰੌਤੀਆਂ ਦੀਆਂ ਕਾਲਾਂ ਅਤੇ ਨਿੱਤ ਚੱਲ ਰਹੀਆਂ ਗੋਲੀਆਂ ਨਾਲ ਪੂਰਾ ਪੰਜਾਬ ਸਹਿਮ ਦੇ ਮਾਹੌਲ ’ਚ ਦਿਨ ਕੱਟ ਰਿਹਾ ਹੈ। ਨਸ਼ੇ ਦੀ ਦਲਦਲ ਵਿੱਚ ਫਸਦੇ ਨੌਜਵਾਨ ਪੰਜਾਬ ਲਈ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਦੇ ਹੱਕ ਵਿੱਚ ਫਤਵਾ ਦੇਣਗੇ ਤੇ ਗੱਠਜੋੜ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਕਰਜ਼ੇ ਤੋਂ ਨਿਜਾਤ ਦਿਵਾਉਣ ਲਈ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਬਣਾਉਣਗੇ।