ਝੋਨਾ ਤੇ ਚੋਣਾ ਭੁੱਲ ਜਾਓ, ਪੰਜਾਬੀਆਂ ਨੂੰ ਦੱਸੋ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਕਿਹੜਾ 'ਚੂਨਾ' ਲਾਇਆ : ਹਰਸਿਮਰਤ ਕੌਰ ਝੋਨਾ' ਅਤੇ ਚੋਣਾ ਭੁੱਲ ਜਾਓ, ਪੰਜਾਬੀਆਂ ਨੂੰ ਦੱਸੋ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਕਿਹੜਾ 'ਚੂਨਾ' ਲਾਇਆ—ਹਰਸਿਮਰਤ ਕੌਰ
Publish Date: Fri, 13 Nov 2026 04:46 PM (IST)
Updated Date: Sat, 14 Nov 2026 04:01 AM (IST)
- ਔਰਤਾਂ ਨੂੰ ਖ਼ਬਰੀ ਬਣ ਕੇ ਲੜਾਈ ਲੜਨ ਤੇ ਮਾਵਾਂ-ਧੀਆਂ ਦੀ ਫ਼ੌਜ ਤਹਿਤ ਸਾਰੇ ਗ਼ਲਤ ਕੰਮ ਦਰਜ ਕਰਨ ਦੀ ਅਪੀਲ ਜੀਆਰਪੀ- ਮਹਿਲਾਵਾਂ ਨਾਲ ਸੈਲਫੀ ਲੈਂਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ। ਜੀਆਰਪੀ- ‘ਮਾਵਾਂ ਧੀਆਂ ਦੀ ਲਲਕਾਰ ਰੈਲੀ’ ਦੌਰਾਨ ਸਟੇਜ ਤੇ ਮੌਜੂਦ ਬੀਬਾ ਹਰਸਿਮਰਤ ਕੌਰ ਬਾਦਲ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਹੋਰ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਨਸ਼ੇ ਦੇ ਕਿਹੜੇ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬਠਿੰਡਾ ਸੰਸਦ ਮੈਂਬਰ ਨੇ ਇੱਥੇ ਵੱਡੀ ਗਿਣਤੀ ’ਚ ਔਰਤਾਂ ਦੀਆਂ ਸਭਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਤੋਂ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਹੁਣ ਤੱਕ ਕਿਹੜੇ ਚਿੱਟਾ ਕਾਰਖ਼ਾਨੇ ਤੇ ਛਾਪੇ ਮਾਰੇ ਹਨ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ਵੱਡੇ ਡਰੱਗ ਮਾਫ਼ੀਆ ਤੇ ਉਨ੍ਹਾਂ ਦੇ ਕਾਰਖ਼ਾਨਿਆਂ ਦਾ ਅਛੂਤਾ ਰਹਿਣਾ ਇਸ ਗੱਲ ਦਾ ਸਾਫ਼ ਪ੍ਰਮਾਣ ਹੈ ਕਿ ਸੀਐੱਮ ਦਾ ਇਸ ਸਮੱਸਿਆ ਨਾਲ ਨਜਿੱਠਣ ਦਾ ਕੋਈ ਇਰਾਦਾ ਨਹੀਂ ਹੈ। ਉਹ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਆਯੋਜਿਤ ਮਾਵਾਂ ਧੀਆਂ ਦੀ ਲਲਕਾਰ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬੀਬੀ ਬਾਦਲ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਲੱਖ ਪਾਰ ਕਰ ਗਿਆ ਹੈ। ਜੇਕਰ ਅਸੀਂ ਇੱਕ ਪਿੰਡ ਵਿੱਚ ਨਸ਼ੇ ਨਾਲ ਸੰਬੰਧਿਤ ਇੱਕ ਸਾਲ ਵਿੱਚ ਪੰਜ ਮੌਤਾਂ ਦੀ ਔਸਤ ਲਈਏ ਤਾਂ 13 ਹਜ਼ਾਰ ਪਿੰਡਾਂ ਲਈ 3.25 ਲੱਖ ਦਾ ਅੰਕੜਾ ਮਿਲੇਗਾ। ਜੇਕਰ ਅਸੀਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਇਹ ਅੰਕੜਾ ਪੰਜ ਤੋਂ ਛੇ ਲੱਖ ਮੌਤਾਂ ਤੱਕ ਪਹੁੰਚ ਜਾਵੇਗਾ। ਬਾਦਲ ਨੇ ਕਿਹਾ ਕਿ ਦਿਨ-ਬ-ਦਿਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਸੱਚਾਈ ਸਾਹਮਣੇ ਲਿਆ ਕੇ ਕੁਝ ਕਰਨ ਦੀ ਬਜਾਏ ਮੁੱਖ ਮੰਤਰੀ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਖੜ੍ਹਨ ਦਾ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਨੂੰ ਝੋਨਾ ਅਤੇ ਚੋਣਾ ਵਿਚਕਾਰ ਅੰਤਰ ਨਹੀਂ ਪਤਾ। ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾ ਸਿਰਫ਼ ਝੋਨਾ ਤੇ ਚੋਣਾ ਦਾ ਪਤਾ ਹੈ, ਸਗੋਂ ਪੀਸੀਐੱਸ ਮੁੱਖ ਪ੍ਰੀਖਿਆ ’ਚ ਬਾਹਰਲੇ ਲੋਕਾਂ ਦੀ ਚੋਣ ਦੀ ਸੁਵਿਧਾ ਪ੍ਰਦਾਨ ਕਰਕੇ ਪੰਜਾਬ ਦੇ ਖ਼ਜ਼ਾਨੇ ਅਤੇ ਯੋਗ ਉਮੀਦਵਾਰਾਂ ਨਾਲ ਕੀਤੀ ਗਈ ਚੂਨਾ (ਧੋਖਾਧੜੀ) ਬਾਰੇ ਵੀ ਜਾਣਦੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਛੁਪਾਉਣ ਦੀ ਨਿੰਦਾ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਨਸ਼ੇ ਦੀ ਓਵਰਡੋਜ਼ ਨਾਲ ਪੀੜਤ ਬਟਾਲਾ ਦੇ ਬਿਕਰਮਜੀਤ ਸਿੰਘ ਦਾ ਜ਼ਬਰਦਸਤੀ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਹਿਲਾਵਾਂ ਉਨ੍ਹਾਂ ਕੋਲ ਆ ਰਹੀਆਂ ਹਨ ਅਤੇ ਬੱਚਿਆਂ ਨੂੰ ਨਸ਼ੇ ਦੇ ਸੰਕਟ ਤੋਂ ਬਚਾਉਣ ਲਈ ਗੁਹਾਰ ਲਾ ਰਹੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਨਸ਼ਾ ਮਾਫ਼ੀਆ ਨਾਲ ਨਜਿੱਠਣ ਲਈ ਮਾਈ ਭਾਗੋ ਦੀ ਫ਼ੌਜ ਦਾ ਗਠਨ ਕੀਤਾ ਹੈ। ਇਹ ਜਾਣ ਕੇ ਖ਼ੁਸ਼ੀ ਹੋ ਰਹੀ ਹੈ ਕਿ ਮਹਿਲਾਵਾਂ ਘਰਾਂ ਤੋਂ ਨਸ਼ੇ ਨੂੰ ਦੂਰ ਰੱਖਣ ਲਈ ਪਿੰਡਾਂ ’ਚ ਸੰਗਠਿਤ ਹੋ ਕੇ ਜਥੇ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਬਣਨ ਤੋਂ ਬਾਅਦ ਨਸ਼ਾ ਮਾਫ਼ੀਆ ਤੇ ਕਾਰਵਾਈ ਕਰਨ ਲਈ ਇੱਕ ਮਹਿਲਾ ਡੀਜੀਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫ਼ੋਰਸ ਦਾ ਗਠਨ ਕੀਤਾ ਜਾਵੇਗਾ। ਉਹ ਮਾਈ ਭਾਗੋ ਦੀ ਫ਼ੌਜ ਦੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਨਾਲ-ਨਾਲ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਵੀ ਰਿਕਾਰਡ ਰੱਖਣ। ਉਨ੍ਹਾਂ ਦੀ ਸਰਕਾਰ ਸਾਰੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰੇਗੀ। ਬਾਦਲ ਨੇ ਕਿਹਾ ਕਿ ਨਸ਼ੇ ਦੇ ਆਦੀਆਂ ਲਈ ਪੁਨਰਵਾਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਕਰਨ ਲਈ ਹੁਨਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਅਪਰਾਧੀਆਂ ਨੂੰ ਦਸ ਸਾਲ ਤੱਕ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਇਲਾਵਾ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਇੱਕ ਨਵਾਂ ਕਾਨੂੰਨ ਵੀ ਬਣਾਇਆ ਜਾਵੇਗਾ। ਇਸ ਮੌਕੇ ਤੇ ਗੁਰਬਚਨ ਸਿੰਘ ਬੱਬੇਹਾਲੀ, ਗੁਰਨਾਮ ਕੌਰ ਬੱਬੇਹਾਲੀ, ਬਲਵਿੰਦਰ ਕੌਰ ਤੱਤਲੇ (ਹਲਕਾ ਪ੍ਰਧਾਨ), ਸਮੀਕਸ਼ਾ ਸੈਣੀ, ਸਾਬਕਾ ਕੌਂਸਲਰ ਜਸਬੀਰ ਕੌਰ, ਹਰਜਿੰਦਰ ਕੌਰ (ਪੰਚਾਇਤ ਮੈਂਬਰ), ਪਵਨਦੀਪ ਕੌਰ (ਪੰਚਾਇਤ ਮੈਂਬਰ), ਪ੍ਰੀਤਪਾਲ ਕੌਰ (ਪੰਚਾਇਤ ਮੈਂਬਰ), ਰਿੰਪੀ (ਪੰਚਾਇਤ ਮੈਂਬਰ), ਸੁਨੀਤਾ ਕੁਮਾਰੀ, ਸੁਦੇਸ਼ ਕੁਮਾਰੀ (ਪੰਚਾਇਤ ਮੈਂਬਰ) ਆਦਿ ਹਾਜ਼ਰ ਸਨ।