- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਡਾਲਾ ਬਾਂਗਰ 'ਚ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਖਿਡਾਰੀਆਂ ਨੂੰ ਫੁੱਟਬਾਲ ਕਿੱਟਾਂ ਵੰਡੀਆਂ

ਜੀਆਰਪੀ- ਚੜ੍ਹਦੀ ਕਲਾ ਯੂਥ ਕਲੱਬ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਪ੍ਰਬੰਧਕਾਂ ਸਮੇਤ ਸਪੋਰਟਸ ਖਿਡਾਰੀਆਂ ਨੂੰ ਕਿੱਟਾਂ ਦਿੰਦੇ ਹੋਏ।
* ਕੈਪਟਨ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਕੀਤੀ ਗਰਾਊਂਡ ਦੀ ਸਫ਼ਾਈ ਤੇ ਹੋਰ ਪ੍ਰਬੰਧਾਂ ਲਈ ਸਹਿਯੋਗ ਦੇਣ ਦੀ ਅਪੀਲ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਮੋਹਤਬਰਾਂ ਤੇ ਸਾਬਕਾ ਫ਼ੌਜੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਕੂਲ ਵਿਖੇ ਬਣਾਏ ਗਏ ਚੜ੍ਹਦੀ ਕਲਾ ਸਪੋਰਟਸ ਕਲੱਬ (ਰਜਿ.) ਵੱਲੋਂ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਲੱਬ ਵੱਲੋਂ ਖੇਡਾਂ ਲਈ ਦੌੜਾਂ ਦਾ ਵੱਡਾ ਟਰੈਕ ਤੇ ਫੁੱਟਬਾਲ ਗਰਾਊਂਡ ਤਿਆਰ ਕੀਤਾ ਗਿਆ ਹੈ। ਇਸ ਖੇਡ ਮੈਦਾਨ ’ਚ ਖੇਡਾਂ ਖੇਡਣ ਵਾਲੇ ਸਪੋਰਟਸ ਖਿਡਾਰੀਆਂ ਨੂੰ ਚੜ੍ਹਦੀ ਕਲਾ ਯੂਥ ਕਲੱਬ ਵੱਲੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਪੋਰਟਸ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਚੜ੍ਹਦੀ ਕਲਾ ਯੂਥ ਕਲੱਬ ਦੇ ਕੈਪਟਨ ਬਲਵਿੰਦਰ ਸਿੰਘ, ਸੇਵਾ ਮੁਕਤ ਕੈਪਟਨ ਤਿਲਕਰਾਜ, ਸਬ ਇੰਸਪੈਕਟਰ ਜੋਗਿੰਦਰ ਸਿੰਘ, ਸਤੀਸ਼ ਸਿਆਲ, ਹੌਲਦਾਰ ਅਮਰੀਕ ਸਿੰਘ ਆਦਿ ਕਲੱਬ ਦੇ ਆਗੂ ਅਤੇ ਖੇਡ ਪ੍ਰੇਮੀ ਮੌਜੂਦ ਸਨ।
ਇਸ ਮੌਕੇ ਕੈਪਟਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਚੜ੍ਹਦੀ ਕਲਾ ਯੂਥ ਕਲੱਬ ਦੇ ਉਪਰਾਲਿਆਂ ਸਦਕਾ ਇਸ ਇਲਾਕੇ ਦੇ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਦੀ ਫ਼ੌਜ ਅਤੇ ਪੁਲਿਸ ਵਿੱਚ ਚੋਣ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਵਡਾਲਾ ਬਾਂਗਰ ਦੇ ਹੋਣਹਾਰ ਨੌਜਵਾਨ ਹਰਮੀਤ ਸਿੰਘ ਵੱਲੋਂ ਫੁੱਟਬਾਲ ਦੀ ਟੀਮ ਨੂੰ ਸਖ਼ਤ ਮਿਹਨਤ ਕਰਵਾਈ ਜਾ ਰਹੀ ਹੈ ਤੇ ਉਨ੍ਹਾਂ ਦੀ ਕੋਚਿੰਗ ਸਦਕਾ ਕਈ ਬੱਚਿਆਂ ਦੀ ਵੱਖ-ਵੱਖ ਕਲੱਬਾਂ ਅਤੇ ਅਕੈਡਮੀਆਂ ਵਿੱਚ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਮੀਤ ਸਿੰਘ ਨੇ ਆਪਣੇ ਪੁੱਤਰ ਨੂੰ ਮਾਹਿਲਪੁਰ ਵਿਖੇ ਫੁੱਟਬਾਲ ਦੀ ਸਿਖਲਾਈ ਲਈ ਭੇਜਿਆ, ਜਿੱਥੋਂ ਉਸ ਨੇ ਨੈਸ਼ਨਲ ਪੱਧਰ 'ਤੇ ਖੇਡਦਿਆਂ ਬੈਸਟ ਗੋਲਕੀਪਰ ਦੀ ਟਰਾਫੀ ਹਾਸਲ ਕੀਤੀ। ਇਸ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਐਨਆਰਆਈ ਵੀਰ ਭੁਪਿੰਦਰ ਸਿੰਘ (ਯੂਐਸਏ) ਵੱਲੋਂ ਪੂਰੀ ਫੁੱਟਬਾਲ ਟੀਮ ਨੂੰ ਨਵੀਆਂ ਵਰਦੀਆਂ ਅਤੇ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਕੈਪਟਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਖੇਡ ਸਹੂਲਤਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਗਰਾਊਂਡ ਵਿੱਚ ਵਾਲੀਬਾਲ ਕੋਰਟ ਤਿਆਰ ਕੀਤਾ ਜਾ ਰਿਹਾ ਹੈ, ਜਦਕਿ 6×6 ਹਾਕੀ ਗਰਾਊਂਡ ਅਤੇ ਕ੍ਰਿਕਟ ਦੀ ਤਿਆਰੀ ਲਈ ਨੈੱਟ ਵਾਲੀ ਪਿੱਚ ਬਣਾਉਣ ਦੀ ਵੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਸਰਕਾਰ ਵੱਲੋਂ ਲਾਈਟਾਂ ਵੀ ਲਗਵਾ ਦਿੱਤੀਆਂ ਗਈਆਂ ਹਨ, ਜਿਸ ਨਾਲ ਖਿਡਾਰੀਆਂ ਨੂੰ ਸਵੇਰੇ-ਸ਼ਾਮ ਅਭਿਆਸ ਕਰਨ ਵਿੱਚ ਸਹੂਲਤ ਮਿਲੇਗੀ। ਅੰਤ ਵਿੱਚ ਕੈਪਟਨ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਾਊਂਡ ਦੀ ਸਫ਼ਾਈ ਅਤੇ ਹੋਰ ਪ੍ਰਬੰਧਾਂ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਉਤਸ਼ਾਹਿਤ ਕਰਨ ਤਾਂ ਜੋ ਪਿੰਡ ਦੇ ਹੋਰ ਨੌਜਵਾਨ ਵੀ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ। ਚੜ੍ਹਦੀ ਕਲਾ ਯੂਥ ਕਲੱਬ ਦੇ ਚੇਅਰਮੈਨ ਸਤੀਸ਼ ਸਿਆਲ, ਪ੍ਰਧਾਨ ਕੈਪਟਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਥਾਣੇਦਾਰ ਸਤਨਾਮ ਸਿੰਘ, ਸਕੱਤਰ ਪਵਨ ਕੁਮਾਰ ਪਿੰਕਾ, ਜਨਰਲ ਸਕੱਤਰ ਥਾਣੇਦਾਰ ਮਖਵਿੰਦਰ ਸਿੰਘ, ਖ਼ਜ਼ਾਨਚੀ ਜੋਗਿੰਦਰ ਸਿੰਘ ਥਾਣੇਦਾਰ, ਹੌਲਦਾਰ ਅਮਰੀਕ ਸਿੰਘ, ਨਿਰਵੈਰ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।