ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ, ਖਰਾਬ ਮਿਠਾਈ ਕਰਵਾਈ ਨਸ਼ਟ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ, ਖਰਾਬ ਮਿਠਾਈ ਕਰਵਾਈ ਨਸ਼ਟ
Publish Date: Wed, 26 Aug 2026 04:58 PM (IST)
Updated Date: Wed, 26 Aug 2026 05:01 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰ ਵਿੱਚ ਮਿਠਾਈਆਂ ਦੀ ਮੰਗ ਅਸਮਾਨ ਨੂੰ ਛੂਹਣ ਲੱਗਦੀ ਹੈ ਪਰ ਇਸੇ ਵੱਧਦੀ ਮੰਗ ਦਾ ਫ਼ਾਇਦਾ ਚੁੱਕ ਕੇ ਕੁਝ ਮਿਲਾਵਟਖੋਰ ਦੁਕਾਨਦਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗ ਜਾਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਫੂਡ ਸੇਫਟੀ ਵਿਭਾਗ ਨੇ ਸਰਗਰਮ ਰੁਖ਼ ਅਪਣਾਇਆ ਹੈ ਅਤੇ ਜ਼ਿਲ੍ਹੇ ਭਰ ਵਿੱਚ ਮਿਠਾਈ, ਖੋਇਆ, ਦੁੱਧ ਅਤੇ ਪਨੀਰ ਦੀਆਂ ਦੁਕਾਨਾਂ ਤੇ ਛਾਪੇਮਾਰੀ ਮੁਹਿੰਮ ਚਲਾਈ ਹੈ। ਦਰਅਸਲ ਤਿਉਹਾਰਾਂ ਦੇ ਦਿਨਾਂ ਵਿੱਚ ਅਕਸਰ ਇਹ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਕੁਝ ਦੁਕਾਨਦਾਰ ਬਹੁਤ ਘਟੀਆ ਕੁਆਲਿਟੀ ਵਾਲੇ ਦੁੱਧ ਦੀ ਵਰਤੋਂ ਕਰਕੇ ਮਿਠਾਈਆਂ ਬਣਾਉਂਦੇ ਹਨ, ਜਿਨ੍ਹਾਂ ਵਿੱਚ ਨੁਕਸਾਨਦੇਹ ਰਸਾਇਣਕ ਪਦਾਰਥ ਮਿਲਾਏ ਜਾਂਦੇ ਹਨ। ਅਜਿਹੀਆਂ ਮਿਠਾਈਆਂ ਖਾਣ ਨਾਲ ਨਾ ਸਿਰਫ਼ ਪੇਟ ਸੰਬੰਧੀ ਬੀਮਾਰੀਆਂ ਹੁੰਦੀਆਂ ਹਨ, ਸਗੋਂ ਲੰਮੇ ਸਮੇਂ ਵਿੱਚ ਇਹ ਲੀਵਰ ਅਤੇ ਗੁਰਦੇ ਵਰਗੇ ਮਹੱਤਵਪੂਰਨ ਅੰਗਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਤੇ ਰੋਕ ਲਗਾਉਣ ਲਈ ਪੂਰੇ ਜ਼ਿਲ੍ਹੇ ਵਿੱਚ ਵਿਆਪਕ ਮੁਹਿੰਮ ਛੇੜੀ ਗਈ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਇਲਾਕਿਆਂ ਵਿੱਚ ਦੁਕਾਨਾਂ ਦੀ ਚੈਕਿੰਗ ਕਰ ਰਹੀਆਂ ਹਨ। ਇਸੇ ਕੜੀ ਵਿੱਚ ਮੰਗਲਵਾਰ ਨੂੰ ਸਹਾਇਕ ਫੂਡ ਸੇਫਟੀ ਕਮਿਸ਼ਨਰ ਡਾ. ਜੀਐੱਸ ਪੰਨੂ ਦੀ ਅਗਵਾਈ ਹੇਠ ਵਿਭਾਗੀ ਅਧਿਕਾਰੀਆਂ ਦੀ ਟੀਮ ਨੇ ਸ਼ਹਿਰ ਦੀਆਂ ਮਿਠਾਈ ਦੁਕਾਨਾਂ, ਡੇਅਰੀਆਂ ਅਤੇ ਖੋਇਆ ਬਣਾਉਣ ਵਾਲੀਆਂ ਇਕਾਈਆਂ ਤੇ ਛਾਪਾ ਮਾਰਿਆ। ਟੀਮ ਨੇ ਮਿਠਾਈਆਂ ਦੇ ਨਾਲ-ਨਾਲ ਖੋਇਆ, ਦੁੱਧ ਅਤੇ ਪਨੀਰ ਦੇ ਨਮੂਨੇ ਵੀ ਲਏ। ਇਹ ਸਾਰੇ ਨਮੂਨੇ ਅੱਗੇ ਦੀ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਜੇਕਰ ਇਨ੍ਹਾਂ ਵਿੱਚ ਮਿਲਾਵਟ ਪਾਈ ਗਈ, ਤਾਂ ਸਬੰਧਤ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਹਲਵਾਈ ਦੀ ਦੁਕਾਨ ਤੇ ਮਿਲੀ ਖਰਾਬ ਮਿਠਾਈ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਡਾ. ਪੰਨੂ ਨੇ ਦੱਸਿਆ ਕਿ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਨਿਰੀਖਣ ਮੁਹਿੰਮ ਜਾਰੀ ਹੈ। ਉਨ੍ਹਾਂ ਦੀ ਟੀਮ ਬਾਜ਼ਾਰ ਵਿੱਚ ਪੂਰੀ ਨਿਗਰਾਨੀ ਰੱਖ ਰਹੀ ਹੈ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਖਾਦ ਸੁਰੱਖਿਆ ਅਧਿਕਾਰੀ ਰੇਖਾ ਸ਼ਰਮਾ ਦੇ ਨਾਲ ਖੇਤਰ ਵਿੱਚ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਖਾਧ ਪਦਾਰਥਾਂ ਦੇ 96 ਨਮੂਨੇ ਭਰੇ ਗਏ ਹਨ। ਇਨ੍ਹਾਂ ਵਿੱਚੋਂ 19 ਨਮੂਨੇ ਮਿਆਰ ਤੋਂ ਘੱਟ (ਸਬ-ਸਟੈਂਡਰਡ) ਪਾਏ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਉਣ ਦੇ ਮੰਤਵ ਨੂੰ ਪੂਰਾ ਕੀਤਾ ਜਾਵੇਗਾ। ਖਾਧ ਪਦਾਰਥਾਂ ਦੀ ਜਾਂਚ ਦਾ ਕੰਮ ਨਿਰੰਤਰ ਜਾਰੀ ਰਹੇਗਾ।