ਫ਼ੂਡ ਸੇਫਟੀ ਵਿਭਾਗ ਸਖ਼ਤ, ਡੇਅਰੀਆਂ ਤੇ ਮਿਠਾਈ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਤਿਉਹਾਰਾਂ ਤੋਂ ਪਹਿਲਾਂ ਖਾਦ ਪਦਾਰਥਾਂ ਵਿੱਚ ਮਿਲਾਵਟ 'ਤੇ ਫ਼ੂਡ ਸੇਫਟੀ ਵਿਭਾਗ ਸਖ਼ਤ, ਡੇਅਰੀਆਂ ਅਤੇ ਮਿਠਾਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ
Publish Date: Wed, 04 Nov 2026 04:01 PM (IST)
Updated Date: Wed, 04 Nov 2026 04:02 PM (IST)
ਆਕਾਸ਼, ਪੰਜਾਬੀ ਜਾਗਰਣ,ਗੁਰਦਾਸਪੁਰ : ਤਿਉਹਾਰਾਂ ਦੇ ਸੀਜ਼ਨ ’ਚ ਖਾਦ ਪਦਾਰਥਾਂ ’ਚ ਮਿਲਾਵਟਖੋਰੀ ’ਤੇ ਰੋਕ ਲਾਉਣ ਲਈ ਫ਼ੂਡ ਸੇਫਟੀ ਵਿਭਾਗ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਲੋਕਾਂ ਨੂੰ ਸ਼ੁੱਧ ਤੇ ਸੁਰੱਖਿਅਤ ਖਾਦ ਪਦਾਰਥ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੀ ਟੀਮ ਨੇ ਦੀਨਾਨਗਰ ’ਚ ਵੱਖ-ਵੱਖ ਡੇਅਰੀਆਂ ਤੇ ਮਿਠਾਈ ਦੀਆਂ ਦੁਕਾਨਾਂ ’ਤੇ ਅਚਾਨਕ ਛਾਪੇਮਾਰੀ ਕਰ ਜਾਂਚ ਅਭਿਆਨ ਚਲਾਇਆ। ਸਹਾਇਕ ਕਮਿਸ਼ਨਰ ਫ਼ੂਡ ਡਾ. ਜੀਐੱਸ ਪੰਨੂ ਤੇ ਫ਼ੂਡ ਸੇਫਟੀ ਅਧਿਕਾਰੀ ਰੇਖਾ ਸ਼ਰਮਾ ਦੀ ਅਗਵਾਈ ’ਚ ਪਹੁੰਚੀ ਟੀਮ ਨੇ ਵੱਖ-ਵੱਖ ਦੁਕਾਨਾਂ ਤੇ ਡੇਅਰੀਆਂ ’ਚ ਖਾਦ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕੀਤੀ। ਇਸ ਦੌਰਾਨ ਡੇਅਰੀਆਂ ਤੋਂ ਪਨੀਰ ਤੇ ਖੋਏ ਦੇ ਸੈਂਪਲ ਲੈ ਕੇ ਪ੍ਰਯੋਗਸ਼ਾਲਾ ’ਚ ਜਾਂਚ ਲਈ ਭੇਜੇ ਗਏ। 5 ਮਹੀਨਿਆਂ ’ਚ ਖਾਦ ਪਦਾਰਥਾਂ ਦੇ ਭਰੇ ਗਏ 96 ਨਮੂਨੇ ਅਧਿਕਾਰੀਆਂ ਨੇ ਖਾਦ ਪਦਾਰਥਾਂ ਦੀ ਗੁਣਵੱਤਾ ਤੇ ਨਿਰਧਾਰਤ ਖਾਦ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਮਹੀਨਿਆਂ ’ਚ ਖਾਦ ਪਦਾਰਥਾਂ ਦੇ 96 ਨਮੂਨੇ ਭਰੇ ਗਏ ਹਨ। ਇਨ੍ਹਾਂ ਵਿੱਚੋਂ 19 ਨਮੂਨੇ ਮਾਪਦੰਡ ਤੋਂ ਘੱਟ ਪਾਏ ਗਏ ਹਨ, ਜਿਨ੍ਹਾਂ ਖ਼ਿਲਾਫ਼ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲਾਵਟਖੋਰਾਂ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਸਹਾਇਕ ਕਮਿਸ਼ਨਰ ਫ਼ੂਡ ਡਾ. ਪੰਨੂ ਨੇ ਮਿਠਾਈ ਵਿਕਰੇਤਾਵਾਂ ਤੇ ਡੇਅਰੀ ਸੰਚਾਲਕਾਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਖਾਦ ਪਦਾਰਥਾਂ ’ਚ ਮਿਲਾਵਟ ਕਰਨਾ ਜਾਂ ਮਿਲਾਵਟੀ ਸਾਮਾਨ ਵੇਚਣਾ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਜਾਂਚ ਦੌਰਾਨ ਕੋਈ ਵੀ ਦੁਕਾਨਦਾਰ ਮਿਲਾਵਟੀ ਖਾਦ ਪਦਾਰਥ ਤਿਆਰ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਮਿਠਾਈਆਂ ਤੇ ਹੋਰ ਖਾਦ ਪਦਾਰਥਾਂ ਦੀ ਮੰਗ ਵੱਧ ਜਾਂਦੀ ਹੈ। ਜਿਸਦੇ ਚੱਲਦੇ ਕੁਝ ਲੋਕ ਵੱਧ ਮੁਨਾਫ਼ਾ ਕਮਾਉਣ ਦੇ ਲਾਲਚ ’ਚ ਮਿਲਾਵਟਖੋਰੀ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਆਮ ਲੋਕਾਂ ਦੀ ਸਿਹਤ ’ਤੇ ਪ੍ਰਤੀਕੂਲ ਅਸਰ ਪੈ ਸਕਦਾ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾਵੇਗਾ। ਵਿਭਾਗੀ ਟੀਮ ਬਾਜ਼ਾਰਾਂ, ਮਿਠਾਈ ਦੀਆਂ ਦੁਕਾਨਾਂ ਤੇ ਡੇਅਰੀਆਂ ’ਤੇ ਵਿਸ਼ੇਸ਼ ਨਜ਼ਰ ਰੱਖੇਗੀ ਤਾਂ ਜੋ ਖਾਦ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।