ਪਹਿਲਾ ਡਿਜ਼ੀਟਲ ਨਵੀਨਤਾ ਮੇਲਾ-2026 ਕਰਵਾਇਆ ਸਿੱਖਿਆ ਵਿਭਾਗ ਵੱਲੋਂ ਪਹਿਲਾ ਡਿਜ਼ੀਟਲ ਨਵੀਨਤਾ ਮੇਲਾ-2026 ਕਰਵਾਇਆ
Publish Date: Thu, 19 Nov 2026 03:22 PM (IST)
Updated Date: Thu, 19 Nov 2026 03:24 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਅਨਿਲ ਸ਼ਰਮਾ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਤਕਨਾਲੋਜੀ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਿਸ਼ਨ ਰਫ਼ਤਾਰ ਅਧੀਨ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲੀ ਵਾਰ ਡਿਜ਼ੀਟਲ ਨਵੀਨਤਾ ਮੇਲਾ-2026 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਦੇ 26 ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਤਕਨੀਕੀ ਮਾਡਲਾਂ, ਨਵੇਂ ਵਿਚਾਰਾਂ ਅਤੇ ਰਚਨਾਤਮਕ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ। ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਰੋਬੋਟਿਕਸ, ਬਣਾਵਟੀ ਬੁੱਧੀਮਤਾ, ਕੰਪਿਊਟਰ ਪ੍ਰੋਗਰਾਮਿੰਗ, ਕਲਾਊਡ ਤਕਨਾਲੋਜੀ, ਵਸਤੂਆਂ ਦੇ ਇੰਟਰਨੈੱਟ, ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ, ਅਤੇ ਹਰਿਤ ਤਕਨਾਲੋਜੀ ਵਰਗੇ ਵਿਸ਼ਿਆਂ ਉੱਤੇ ਆਧਾਰਿਤ ਮਾਡਲ ਪੇਸ਼ ਕੀਤੇ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਪਰਦੀਪ ਕੁਮਾਰ ਅਰੋੜਾ ਅਤੇ ਸੰਦੀਪ ਸਿੰਘ, ਡੀਐੱਨਓ ਮਿਸ਼ਨ ਰਫ਼ਤਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਬਣਾਵਟੀ ਬੁੱਧੀਮਤਾ ਸੰਬੰਧੀ ਕੋਰਸ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਲੋੜਾਂ ਅਨੁਸਾਰ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਲੜੀ ਵਿੱਚ ਹੀ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਅਨਿਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਵਧੀਆ ਮੌਕਾ ਮਿਲਦਾ ਹੈ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜ੍ਹਕੇ ਫਤਿਹਗੜ੍ਹ ਚੂੜੀਆਂ ਵੱਲੋਂ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੇਰ ਕਲਾਂ ਵੱਲੋਂ ਦੂਸਰਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਦੇ ਵਿਦਿਆਰਥੀਆਂ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ, ਡੀਐੱਨਓ ਮਿਸ਼ਨ ਰਫ਼ਤਾਰ ਨੇ ਕਿਹਾ ਕਿ ਇਹ ਡਿਜੀਟਲ ਨਵੀਨਤਾ ਮੇਲਾ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ, ਨਵੇਂ ਵਿਚਾਰ ਸਾਂਝੇ ਕਰਨ ਅਤੇ ਤਕਨੀਕੀ ਸਿੱਖਿਆ ਵੱਲ ਅੱਗੇ ਵਧਣ ਲਈ ਇੱਕ ਯਾਦਗਾਰ ਮੰਚ ਸਾਬਤ ਹੋਇਆ। ਇਸ ਮੌਕੇ ਜੱਜਾਂ ਦੀ ਭੂਮਿਕਾ ਰਮਨੀਸ਼ ਕੁਮਾਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋੜੇਵਾਹ, ਹਰਪ੍ਰੀਤ ਸਿੰਘ, ਵੋਕੇਸ਼ਨਲ ਲੈਕਚਰਾਰ ਐੱਸਓਈ ਬਟਾਲਾ, ਸੁਮਿਤ ਠੀਕ, ਪੱਡਾ ਲੈਕਚਰਾਰ ਫਿਜ਼ਿਕਸ ਐੱਸਓਈ ਗੁਰਦਾਸਪੁਰ, ਸਤਿੰਦਰ ਸਿੰਘ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਗੋਵਾਲ ਬੇਟ, ਸ਼ਿਖਾ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨਾ ਬੇਟ ਅਤੇ ਨਰਿੰਦਰ ਪਾਲ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਣੇਕੋਟ ਨੇ ਨਿਭਾਈ। ਇਸ ਦੌਰਾਨ ਜ਼ਿਲ੍ਹਾ ਆਈਸੀਟੀ ਕੋਆਰਡੀਨੇਟਰ ਪ੍ਰਦੀਪ ਅਰੋੜਾ, ਐਕਸੀਆਨ ਇਨਫੋਰਸਮੈਂਟ ਜਸਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਤੋਂ ਕਮਲਦੀਪ, ਸਸਸਸ ਲੜਕੀਆਂ ਗੁਰਦਾਸਪੁਰ ਤੋਂ ਅਨਿਲ ਭਨੋਟ, ਪ੍ਰਿੰਸੀਪਲ ਖਾਲਸਾ ਸਕੂਲ ਹਰਜਿੰਦਰ ਸਿੰਘ, ਸੁਪਰਡੈਂਟ ਗੁਰਦਾਸਪੁਰ ਪ੍ਰਬੋਧ ਕੁਮਾਰ, ਅਸ਼ੋਕ ਕੁਮਾਰ ਡੀਆਰਸੀ, ਸ਼੍ਰੀ ਮਨਪ੍ਰੀਤ ਪਾਲ ਅਤੇ ਸੁਨੀਤ ਯਾਦਵ, ਸਸਸਸ ਭੁੰਬਲੀ ਤੋਂ ਮੈਥ ਮਾਸਟਰ ਅਸ਼ੋਕ ਕੁਮਾਰ, ਸਹਸ ਰੱਤਾ ਅਬਦਾਲ ਤੋਂ ਜਰਮਨਜੀਤ ਸਿੰਘ, ਸਹਸ ਤੇਜਾ ਕਲਾਂ ਤੋਂ ਪੰਜਾਬੀ ਮਾਸਟਰ ਜਤਿੰਦਰ ਸਿੰਘ, ਸਸਸਸ ਜ਼ੋੜਾ ਛੱਤਰਾ ਤੋਂ ਕੰਪਿਊਟਰ ਅਧਿਆਪਕ ਰੱਮਾ ਰਾਣੀ, ਸਸਸਸ ਸ਼ੰਕਰਪੁਰਾ ਤੋਂ ਕੰਪਿਊਟਰ ਅਧਿਆਪਕ ਆਦਿ ਹਾਜ਼ਰ ਸਨ।