- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ: ਰਵੀਨੰਦਨ ਬਾਜਵਾ

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ,
ਕਿਲਾ ਲਾਲ ਸਿੰਘ: ਬਟਾਲਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਿਨ-ਬ-ਦਿਨ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਗੰਭੀਰ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਹਲਕੇ ਦੇ ਪ੍ਰਮੁੱਖ ਆਗੂ ਰਵੀ ਨੰਦਨ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਬਟਾਲਾ ਵਿੱਚ ਕਾਨੂੰਨ ਅਤੇ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸ਼ਹਿਰ ਵਿੱਚ ਨਿਤ ਦਿਨ ਸ਼ਰੇਆਮ ਚੱਲ ਰਹੀਆਂ ਗੋਲੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਪਰਾਧਿਕ ਅਨਸਰਾਂ ਦੇ ਮਨਾਂ ਵਿੱਚੋਂ ਪੁਲਿਸ ਅਤੇ ਕਾਨੂੰਨ ਦਾ ਡਰ ਬਿਲਕੁਲ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿਨ-ਦਿਹੜੇ ਹੋਣ ਵਾਲੀਆਂ ਇਨ੍ਹਾਂ ਵਾਰਦਾਤਾਂ ਕਾਰਨ ਆਮ ਜਨਤਾ, ਮਹਿਲਾਵਾਂ ਅਤੇ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਵੀ ਡਰਨ ਲੱਗੇ ਹਨ। ਰਵੀਨੰਦਨ ਬਾਜਵਾ ਨੇ ਪ੍ਰਸ਼ਾਸਨ ਨੂੰ ਤਾਕੀਦ ਕਰਦਿਆਂ ਮੰਗ ਕੀਤੀ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ, ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿੱਚੋਂ ਇਸ ਸਹਿਮ ਦੇ ਮਾਹੌਲ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦੀ ਹੀ ਇਨ੍ਹਾਂ ਘਟਨਾਵਾਂ 'ਤੇ ਨੱਥ ਨਾ ਪਾਈ ਤਾਂ ਉਹ ਲੋਕਾਂ ਦੀ ਸੁਰੱਖਿਆ ਲਈ ਤਿੱਖਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ।