ਗੁਰਦਾਸਪੁਰ 'ਚ ਫਿਰੌਤੀ ਨਾ ਦੇਣ ਕਾਰਨ ਘਰ 'ਤੇ ਫਾਇਰਿੰਗ, ਗੈਂਗਸਟਰਾਂ ਦੀ ਧਮਕੀ ਤੋਂ ਬਾਅਦ ਚਲਾਈਆਂ ਗੋਲੀਆਂ
ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੂੰ ਫਿਰੌਤੀ ਦੇ ਨਾਂ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਪਰਿਵਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੰਗ ਪੂਰੀ ਨਾ ਹੋਣ ’ਤੇ ਦੋਸ਼ੀਆਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਅਤੇ ਸੋਮਵਾਰ ਰਾਤ ਨੂੰ ਮੁਹੱਲੇ ’ਚ ਪਹੁੰਚ ਕੇ ਪੀੜਤ ਪਰਿਵਾਰ ਦੇ ਘਰ ’ਤੇ ਫਾਇਰਿੰਗ ਕਰ ਦਿੱਤੀ। ਇਸ ਮਗਰੋਂ ਮੋਟਰਸਾਈਕਲ ਸਵਾਰ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
Publish Date: Tue, 25 Aug 2026 10:47 AM (IST)
Updated Date: Tue, 25 Aug 2026 10:54 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ। ਸ਼ਹਿਰ ਦੇ ਮੁਹੱਲਾ ਨੰਗਲ ਕੋਟਲੀ ’ਚ ਇੱਕ ਵਿਅਕਤੀ ਨੂੰ ਗੈਂਗਸਟਰਾਂ ਨੇ ਫਿਰੌਤੀ ਦੀ ਧਮਕੀ ਦੇਣ ਮਗਰੋਂ ਉਸਦੇ ਘਰ ਅੰਦਰ ਗੋਲੀਆਂ ਚਲਾਈਆਂ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਵਾਰਦਾਤ ਰਿਹਾਇਸ਼ੀ ਇਲਾਕੇ ’ਚ ਹੋਣ ਕਾਰਨ ਸਥਾਨਕ ਲੋਕਾਂ ’ਚ ਭਾਰੀ ਦਹਿਸ਼ਤ ਫੈਲ ਗਈ ਹੈ।
ਦੋਸ਼ੀਆਂ ਨੇ ਇੱਕ ਆਡੀਓ ਜਾਰੀ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਪੀੜਤ ਪਰਿਵਾਰ ਅਤੇ ਇਲਾਕੇ ’ਚ ਡਰ ਦਾ ਮਾਹੌਲ ਹੈ। ਵਾਰਦਾਤ ਮਗਰੋਂ ਸਥਾਨਕ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੂੰ ਫਿਰੌਤੀ ਦੇ ਨਾਂ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਪਰਿਵਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੰਗ ਪੂਰੀ ਨਾ ਹੋਣ ’ਤੇ ਦੋਸ਼ੀਆਂ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਅਤੇ ਸੋਮਵਾਰ ਰਾਤ ਨੂੰ ਮੁਹੱਲੇ ’ਚ ਪਹੁੰਚ ਕੇ ਪੀੜਤ ਪਰਿਵਾਰ ਦੇ ਘਰ ’ਤੇ ਫਾਇਰਿੰਗ ਕਰ ਦਿੱਤੀ। ਇਸ ਮਗਰੋਂ ਮੋਟਰਸਾਈਕਲ ਸਵਾਰ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।
ਗੋਲੀਬਾਰੀ ਦੀ ਆਵਾਜ਼ ਸੁਣ ਕੇ ਪੀੜਤ ਪਰਿਵਾਰ ਅਤੇ ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਮਗਰੋਂ ਪਰਿਵਾਰ ਨੇ ਵਾਰਦਾਤ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ।
ਹਾਲਾਂਕਿ ਮੁਹੱਲੇ ਵਿੱਚੋਂ ਲੰਘਦੇ ਸਮੇਂ ਮੋਟਰਸਾਈਕਲ ਸਵਾਰ ਦੋ ਦੋਸ਼ੀਆਂ ਦੀ ਫੁਟੇਜ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੁਬਾਰਾ ਦੋਸ਼ੀਆਂ ਨੇ ਪਰਿਵਾਰ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਇਸ ਵਾਰਦਾਤ ਕਾਰਨ ਪਰਿਵਾਰ ਵਿੱਚ ਖ਼ੌਫ਼ ਦਾ ਮਾਹੌਲ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।