ਪਰਾਲੀ ਦੀਆਂ ਹਜ਼ਾਰਾਂ ਗੱਠਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਇਕ ਘਰ ਦੀ ਛੱਤ ’ਤੇ ਚੜ੍ਹ ਕੇ ਅੱਗ ’ਤੇ ਕਾਬੂ ਪਾਉਂਦੇ ਫਾਇਰ ਬ੍ਰਿਗੇਡ ਕਰਮਚਾਰੀ।
Publish Date: Sun, 15 Nov 2026 07:06 PM (IST)
Updated Date: Sun, 15 Nov 2026 07:09 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਕਸਬਾ ਅਲੀਵਾਲ ਨਜ਼ਦੀਕ ਪਿੰਡ ਰਾਪੁਰ ਵਿਖੇ ਪਰਾਲੀ ਦੀਆਂ ਹਜ਼ਾਰਾਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ । ਅੱਗ ਇੰਨੀ ਭਿਆਨਕ ਹੋ ਗਈ ਕਿ ਹਜ਼ਾਰਾਂ ਗੱਠਾਂ ਪੂਰੀ ਤਰਹਾਂ ਸੜ ਕੇ ਸੁਆਹ ਹੋ ਗਈਆਂ। ਦੇਰ ਸ਼ਾਮ ਤੱਕ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਬਟਾਲਾ ਦੀ ਟੀਮ ਜਦੋ ਜਹਿਦ ਕਰਦੀ ਰਹੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਅੱਗ ਦੀ ਲਪੇਟ ਦੇ ਵਿੱਚ ਆਉਣ ਤੋਂ ਇੱਕ ਘਰ ਦਾ ਬਚਾਅ ਹੋ ਗਿਆ। ਫਾਇਰ ਬਰਗੇਡ ਬਟਾਲਾ ਦੀ ਟੀਮ ਨੇ ਬੈਠਾਂ ਦੇ ਜਾੜ ਨੇੜੇ ਘਰ ਨੂੰ ਭਿਆਨਕ ਅੱਗ ਤੋਂ ਬਚਾਇਆ। ਉਧਰ ਹਜ਼ਾਰਾਂ ਪਰਾਲੀ ਦੀਆਂ ਗੱਠਾਂ ਸੜ ਜਾਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਵਾਸੀ ਰਾਪੁਰ ਜੋ ਖੇਤਾਂ ਚੋਂ ਪਰਾਲੀ ਦੀਆਂ ਗੱਠਾਂ ਬਣਾ ਕੇ ਵਪਾਰ ਦਾ ਕੰਮ ਕਰਦਾ ਹੈ ਅਤੇ ਉਸਨੇ ਹਜ਼ਾਰਾਂ ਗੱਠਾਂ ਪਰਾਲੀ ਦੀਆਂ ਬਣਾਈਆਂ ਹੋਈਆਂ ਸਨ। ਕਸ਼ਮੀਰ ਸਿੰਘ ਨੇ ਹਜ਼ਾਰਾਂ ਪਰਾਲੀ ਦੀਆਂ ਗੱਠਾਂ ਇੱਕ ਖੇਤ ਚ ਜਾੜ ਬਣਾ ਕੇ ਰੱਖੀਆਂ ਹੋਈਆਂ ਸਨ ਅਤੇ ਉਥੋਂ ਹੀ ਉਹ ਵੱਖ-ਵੱਖ ਮਿੱਲਾਂ ਨੂੰ ਪਰਾਲੀ ਦੀਆਂ ਗੱਠਾਂ ਸਪਲਾਈ ਕਰਦਾ ਹੈ। ਐਤਵਾਰ ਬਾਅਦ ਦੁਪਹਿਰ ਅਚਾਨਕ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਅਤੇ ਭਿਆਨਕ ਰੂਪ ਧਾਰਨ ਕਰ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਫਾਇਰ ਬਰਗੇਡ ਬਟਾਲਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਉਣ ਲਈ ਦੇਰ ਰਾਤ ਤੱਕ ਯਤਨ ਕਰਦੀ ਰਹੀ। ਫਾਇਰ ਬ੍ਰਿਗੇਡ ਅਫਸਰ ਬਟਾਲਾ ਨੀਰਜ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅਲੀਵਾਲ ਨੇੜੇ ਪਰਾਲੀ ਦੀਆਂ ਗਠਾਂ ਨੂੰ ਅੱਗ ਲੱਗ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਮੌਕੇ ਤੇ ਪੁੱਜੀ ਅਤੇ ਕਰੀਬ 15 ਪਾਣੀ ਦੀਆਂ ਗੱਡੀਆਂ ਲੱਗਣ ਦੇ ਬਾਵਜੂਦ ਦੀ ਅੱਗ ਭਖੀ ਹੋਈ ਹੈ। ਉਹਨਾਂ ਦੱਸਿਆ ਕਿ ਗੱਠਾਂ ਦੀਆਂ ਧਾਂਕਾਂ ਇੱਕ ਸਾਰ ਲੱਗੀਆਂ ਹੋਣ ਕਾਰਨ ਅੱਗ ਨੇ ਵੱਡਾ ਭਿਆਨਕ ਰੂਪ ਧਾਰਿਆ।ਉਹਨਾਂ ਦੱਸਿਆ ਕਿ ਗੱਠਾਂ ਵਿਚਕਾਰ ਖਾਲੀ ਜਗ੍ਹਾ ਨਾ ਹੋਣ ਕਾਰਨ ਅੱਗ ਤੇ ਕਾਬੂ ਪਾਉਣਾ ਔਖਾ ਹੋਇਆ ਪਿਆ ਹੈ । ਉਹਨਾਂ ਦੱਸਿਆ ਕਿ ਖੁਸ਼ਕਿਸਮਤੀ ਦੇ ਨਾਲ ਅੱਗ ਦੀਆਂ ਗੱਠਾਂ ਦੇ ਬਿਲਕੁਲ ਨਜ਼ਦੀਕ ਇੱਕ ਘਰ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਰੈਸਕਿਊ ਕਰਕੇ ਸੁਰੱਖਿਤ ਕੀਤਾ। ਉਹਨਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਇਸ ਭਿਆਨਕ ਅੱਗ ਦੇ ਨਾਲ ਹਜ਼ਾਰਾਂ ਗੱਠਾਂ ਪਰਾਲੀ ਦੀਆਂ ਸੜ ਗਈਆਂ ਹਨ। ਉਧਰ ਅੱਗ ’ਤੇ ਕਾਬੂ ਪਾਉਣ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਵੱਡੇ ਪੱਧਰ ਤੇ ਯਤਨ ਕੀਤਾ ਗਿਆ। ਉਧਰ ਇਸ ਅੱਗ ਦੀ ਖਬਰ ਸੁਣਦਿਆਂ ਹੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜਾ।