- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਬੰਦੀ ਦੇ ਬਾਵਜੂਦ ਜ਼ਿਲ੍ਹੇ ਵਿੱਚ ਖੁੱਲ੍ਹੇਆਮ ਵਿਕ ਰਹੇ ਪਟਾਕੇ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਦੀਵਾਲੀ ਨੂੰ ਹੁਣ ਲਗਭਗ ਇੱਕ ਹਫ਼ਤਾ ਬਾਕੀ ਰਹਿ ਗਿਆ ਹੈ। ਇਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਸਟੋਰ ਕਰਨ ਅਤੇ ਵੇਚਣ ਲਈ ਅਸਥਾਈ ਲਾਇਸੈਂਸ ਦਾ ਡਰਾਅ ਤਿੰਨ ਨਵੰਬਰ ਨੂੰ ਕੱਢਿਆ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਪਟਾਕੇ ਪਹੁੰਚ ਚੁੱਕੇ ਹਨ ਅਤੇ ਗੈਰ-ਕਾਨੂੰਨੀ ਢੰਗ ਨਾਲ ਹੀ ਉਨ੍ਹਾਂ ਨੂੰ ਸਟੋਰ ਵੀ ਕੀਤਾ ਗਿਆ ਹੈ। ਪਰ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਰਵੱਈਆ ਅਪਣਾਈ ਬੈਠਾ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡੀ ਦੁਰਘਟਨਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਦੀਵਾਲੀ 'ਤੇ ਹਰ ਸਾਲ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਪਟਾਕਿਆਂ ਦੀ ਵਿਕਰੀ ਹੁੰਦੀ ਹੈ। ਇਸ ਕਾਰਨ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਅਸਥਾਈ ਤੌਰ 'ਤੇ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਲਾਇਸੈਂਸ ਦੀਵਾਲੀ ਤੋਂ ਸਿਰਫ਼ ਕੁਝ ਦਿਨ ਪਹਿਲਾਂ ਜਾਰੀ ਕੀਤੇ ਜਾਂਦੇ ਹਨ ਜਦਕਿ ਵਿਕਰੀ ਲਈ ਵੱਡੀ ਮਾਤਰਾ ਵਿੱਚ ਪਟਾਕੇ ਇੱਕ ਮਹੀਨੇ ਤੋਂ ਵੀ ਪਹਿਲਾਂ ਪਹੁੰਚ ਜਾਂਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇਆਮ ਇਨ੍ਹਾਂ ਦੀ ਵਿਕਰੀ ਵੀ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਗੁਰਦਾਸਪੁਰ ਸ਼ਹਿਰ ਦੇ ਕਬੂਤਰੀ ਗੇਟ, ਗੀਤਾ ਭਵਨ ਰੋਡ, ਕਾਲਜ ਰੋਡ ਆਦਿ ਖੇਤਰ ਵਿੱਚ ਕਈ ਲੋਕਾਂ ਵੱਲੋਂ ਖੁੱਲ੍ਹੇਆਮ ਦੁਕਾਨਾਂ ਸਜਾ ਕੇ ਪਟਾਕੇ ਵੇਚੇ ਜਾ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਸਟੋਰ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
- ਤਿੰਨ ਨਵੰਬਰ ਨੂੰ ਕੱਢਿਆ ਜਾਵੇਗਾ ਲਾਇਸੈਂਸ ਦਾ ਡਰਾਅ
ਜ਼ਿਲ੍ਹਾ ਵਧੀਕ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਦੀਵਾਲੀ 'ਤੇ ਪਟਾਕੇ ਸਟੋਰ ਕਰਨ ਅਤੇ ਵੇਚਣ ਲਈ ਅਸਥਾਈ ਲਾਇਸੈਂਸ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਅਰਜ਼ੀ ਲਈ 35 ਹਜ਼ਾਰ ਰੁਪਏ ਦਾ ਬੈਂਕ ਡਰਾਫਟ ਜ਼ਿਲ੍ਹਾ ਮੈਜਿਸਟਰੇਟ ਦੇ ਨਾਂ 'ਤੇ 31 ਅਕਤੂਬਰ ਤੱਕ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਰਾਹੀਂ ਦਿੱਤੇ ਜਾਣਗੇ ਜਦਕਿ ਤਿੰਨ ਨਵੰਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਰਾਅ ਕੱਢਿਆ ਜਾਵੇਗਾ।
- ਫਾਇਰ ਬ੍ਰਿਗੇਡ ਦੀ ਤਿਆਰੀ
ਫਾਇਰ ਅਫ਼ਸਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਵਿਭਾਗ ਕੋਲ ਦੀਵਾਲੀ ਦੇ ਮੱਦੇਨਜ਼ਰ ਅੱਗਜ਼ਨੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਅੱਗ ਬੁਝਾਉਣ ਲਈ ਵੱਡੀਆਂ ਚਾਰ ਅਤੇ ਛੋਟੀਆਂ ਦੋ ਗੱਡੀਆਂ ਉਪਲਬਧ ਹਨ, ਜਦਕਿ ਸਟਾਫ਼ ਵਿੱਚ 37 ਮੁਲਾਜ਼ਮ ਤੈਨਾਤ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਗੱਡੀਆਂ ਅਤੇ ਸਟਾਫ਼ ਦੀ ਕੋਈ ਕਮੀ ਨਹੀਂ ਹੈ।