ਸ਼ਾਰਟ ਸਰਕਟ ਨਾਲ ਲੱਗੀ ਅੱਗ, 9 ਏਕੜ ਗੰਨੇ ਦੀ ਫ਼ਸਲ ਸੜ ਕੇ ਸੁਆਹ ਸ਼ਾਰਟ ਸਰਕਟ ਨਾਲ ਲੱਗੀ ਅੱਗ, 9 ਏਕੜ ਗੰਨੇ ਦੀ ਫ਼ਸਲ ਸੜ ਕੇ ਸੁਆਹ
Publish Date: Thu, 22 Oct 2026 03:34 PM (IST)
Updated Date: Thu, 22 Oct 2026 03:36 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਗੋਲ ਛੋੜੀਆਂ ਦੇ ਕਿਸਾਨਾਂ ਦੀ 9 ਏਕੜ ਗੰਨੇ ਦੀ ਫ਼ਸਲ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਸੜ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਜਾਣਕਾਰੀ ਦਿੰਦਿਆਂ ਕਿਸਾਨ ਜਸਵਿੰਦਰ ਸਿੰਘ, ਕਿਸਾਨ ਰਜਿੰਦਰ ਕੁਮਾਰ ਅਤੇ ਕਿਸਾਨ ਅਕਸ਼ੇ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਲਾਈਨ ਚੈੱਕ ਕੀਤੇ ਅੱਠ ਘੰਟੇ ਵਾਲੀ ਟਿਊਬਵੈੱਲ ਦੀ ਲਾਈਟ ਚਾਲੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਤਾਰਾਂ ਦਾ ਕਨੈਕਸ਼ਨ ਲੂਜ਼ ਹੋਣ ਅਤੇ ਸ਼ਾਰਟ ਸਰਕਟ ਹੋਣ ਕਾਰਨ ਗੰਨੇ ਦੀ ਫ਼ਸਲ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਉਸ ਤੇ ਕਾਬੂ ਪਾਉਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਟਰੈਕਟਰ ਹੱਲਾ ਲਾ ਕੇ ਬਹੁਤ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ, ਪਰ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਲਗਭਗ ਨੌਂ ਏਕੜ ਗੰਨੇ ਦੀ ਫ਼ਸਲ ਤਬਾਹ ਹੋ ਚੁੱਕੀ ਸੀ। ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਬਲਰਾਮ ਸਿੰਘ ਟੀਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ, ਜਿਸ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਦਾ ਕੋਈ ਹੱਥ ਨਹੀਂ, ਨਾ ਹੀ ਕੋਈ ਲਾਗਤਬਾਜ਼ੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਹੜ੍ਹ ਕਾਰਨ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੱਕ ਇਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਗੱਲ ਪਹੁੰਚਾਈ ਜਾਵੇਗੀ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਵਾਇਆ ਜਾਵੇਗਾ।