- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਈਮਰੀ ਹੈਲਥ ਸੈਂਟਰ ਬਹਿਰਾਮਪੁਰ ਵਿੱਚ ਡਾਕਟਰਾਂ ਦੀ ਬੈਠਕ ਦੌਰਾਨ ਚੱਲੀ ਗੋਲੀ ਨਾਲ ਮਹਿਲਾ ਡਾਕਟਰ ਹੋਈ ਜ਼ਖ਼ਮੀ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਕਸਬਾ ਬਹਿਰਾਮਪੁਰ ਸਥਿਤ ਪ੍ਰਾਈਮਰੀ ਹੈਲਥ ਸੈਂਟਰ ਵਿੱਚ ਡਾਕਟਰਾਂ ਦੀ ਬੈਠਕ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੌਰਾਨ ਇੱਕ ਮਹਿਲਾ ਡਾਕਟਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਇੱਕ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਪ੍ਰਾਈਮਰੀ ਹੈਲਥ ਸੈਂਟਰ ਬਹਿਰਾਮਪੁਰ ਵਿੱਚ ਡਾਕਟਰਾਂ ਦੀ ਇੱਕ ਬੈਠਕ ਚੱਲ ਰਹੀ ਸੀ। ਬੈਠਕ ਵਿੱਚ ਡਾਕਟਰ ਦੀਪਕ ਕੁਮਾਰ ਵੀ ਪਹੁੰਚਿਆ ਹੋਇਆ ਸੀ। ਇਸੇ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਗੋਲੀ ਲੱਗਣ ਨਾਲ ਇੱਕ ਮਹਿਲਾ ਡਾਕਟਰ ਜ਼ਖ਼ਮੀ ਹੋਈ ਹੈ। ਜਿਸ ਨੂੰ ਸਟਾਫ਼ ਵੱਲੋਂ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੈਲਥ ਅਫ਼ਸਰ ਡਾਕਟਰ ਦੀਪਕ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡਾਕਟਰ ਦੀਪਕ ਕੁਮਾਰ ਪ੍ਰਾਈਮਰੀ ਹੈਲਥ ਸੈਂਟਰ ਗਾਹਲੜੀ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਦੇ ਰੂਪ ਵਿੱਚ ਤੈਨਾਤ ਹੈ। ਉਸ ਕੋਲੋਂ ਆਪਣੀ ਲਾਇਸੈਂਸੀ ਰਿਵਾਲਵਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਹਥਿਆਰ ਨਾਲ ਗੋਲੀ ਚਲਾਈ ਗਈ ਜਾਂ ਫਿਰ ਅਚਾਨਕ ਚੱਲੀ ਹੈ। ਇਹ ਜਾਂਚ ਦਾ ਵਿਸ਼ਾ ਹੈ। ਫ਼ਿਲਹਾਲ ਡਾਕਟਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਗਹਿਨਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।