ਘਰੇਲੂ ਕਲੇਸ਼ ਤੋਂ ਤੰਗ ਆ ਕੇ ਨਵ-ਵਿਆਹੁਤਾ ਨੇ ਨਹਿਰ ’ਚ ਮਾਰੀ ਛਾਲ, ਭਾਲ ਜਾਰੀ ਘਰੇਲੂ ਕਲੇਸ਼ ਤੋਂ ਤੰਗ ਆ ਕੇ ਨਵਵਿਆਹੁਤਾ ਨੇ ਨਹਿਰ ਵਿੱਚ ਲਗਾਈ ਛਾਲ, ਭਾਲ ਜਾਰੀ
Publish Date: Sat, 12 Sep 2026 05:24 PM (IST)
Updated Date: Sat, 12 Sep 2026 05:26 PM (IST)
--ਸਹੁਰਿਆਂ ’ਤੇ ਤੰਗ ਪਰੇਸ਼ਾਨ ਕਰਨ ਦਾ ਲਗਾਇਆ ਦੋਸ਼ ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਧਾਰੀਵਾਲ ਸ਼ਹਿਰ ਵਿੱਚੋਂ ਲੰਘਦੀ ਅੱਪਰ ਬਾਰੀ ਦੋਆਬ ਨਹਿਰ ਵਿੱਚ ਇੱਕ 24 ਸਾਲਾ ਨਵਵਿਆਹੁਤਾ ਨੇ ਛਾਲ ਲਗਾ ਦਿੱਤੀ। ਘਟਨਾ ਦਾ ਕਾਰਨ ਘਰੇਲੂ ਕਲੇਸ਼ ਅਤੇ ਸਹੁਰਿਆਂ ਵੱਲੋਂ ਤੰਗ ਪਰੇਸ਼ਾਨ ਕਰਨਾ ਦੱਸਿਆ ਜਾ ਰਿਹਾ ਹੈ। ਪੇਕੇ ਪਰਿਵਾਰ ਵੱਲੋਂ ਨਹਿਰ ’ਚ ਛਾਲ ਲਗਾਉਣ ਵਾਲੀ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਲੜਕੀ ਦੀ ਮਾਂ ਪੂਨਮ ਪਤਨੀ ਸਵਰਗੀ ਵਿਕਾਸ ਭਨੋਟ ਵਾਸੀ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਚੇਤਨਾ ਦਾ ਵਿਆਹ ਫਰਵਰੀ 2026 ਵਿੱਚ ਜਤਿਨ ਪੁਰੀ ਵਾਸੀ ਧਾਰੀਵਾਲ ਨਾਲ ਹੋਇਆ ਸੀ। ਵਿਆਹ ਦੇ ਕੁਝ ਹੀ ਦਿਨਾਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰਨ ਲੱਗੇ। ਪੂਨਮ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਖ਼ੁਦ ਜਾ ਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮੱਸਿਆ ਦਾ ਸਮਾਧਾਨ ਨਹੀਂ ਹੋ ਸਕਿਆ। ਪੂਨਮ ਦੇ ਅਨੁਸਾਰ ਪਿਛਲੇ ਦਿਨ ਚੇਤਨਾ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਜਤਿਨ ਅਤੇ ਸੱਸ ਉਸ ਨੂੰ ਬਹੁਤ ਤੰਗ ਕਰ ਰਹੇ ਹਨ। ਜਦੋਂ ਉਹ ਧੀ ਦੇ ਸਹੁਰੇ ਧਾਰੀਵਾਲ ਪਹੁੰਚੀ ਤਾਂ ਜਵਾਈ ਅਤੇ ਸੱਸ ਨੇ ਉਨ੍ਹਾਂ ਦੀ ਧੀ ਨਾਲ ਫਿਰ ਤੋਂ ਦੁਰਵਿਵਹਾਰ ਕੀਤਾ। ਇਸ ਤੋਂ ਦੁਖੀ ਹੋ ਕੇ ਉਸ ਦੀ ਧੀ ਚੇਤਨਾ ਘਰ ਤੋਂ ਬਾਹਰ ਨਿਕਲ ਗਈ ਅਤੇ ਅੱਪਰ ਬਾਰੀ ਦੋਆਬ ਨਹਿਰ ਵਿੱਚ ਛਾਲ ਲਗਾ ਦਿੱਤੀ। ਪੁਲਿਸ ਥਾਣਾ ਧਾਰੀਵਾਲ ਨੂੰ ਲੜਕੀ ਦੀ ਮਾਂ ਪੂਨਮ ਵੱਲੋਂ ਲਿਖਤੀ ਸ਼ਿਕਾਇਤ ਸੌਂਪ ਦਿੱਤੀ ਗਈ ਹੈ ਜਿਸ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।