- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਖੌਫ ਚੋਰ: ਸਕੂਲ ਅਤੇ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦਾ ਸਮਾਨ ਚੋਰੀ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ: ਗੁਰਦਾਸਪੁਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਚੋਰਾਂ ਨੇ ਸਥਾਨਕ ਹਰਦੋਛੰਨੀ ਰੋਡ ’ਤੇ ਸੁਖਜਿੰਦਰ ਕਾਲਜ ਦੇ ਸਾਹਮਣੇ ਅਤੇ ਪਿੰਡ ਵਰਸੋਲਾ ਵਿੱਚ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਇਸ ਤੋਂ ਇਲਾਵਾ ਵਰਸੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ।
ਚੋਰਾਂ ਨੇ ਸਭ ਤੋਂ ਪਹਿਲਾਂ ਸੁਖਜਿੰਦਰ ਕਾਲਜ ਦੇ ਸਾਹਮਣੇ ਸਥਿਤ ਇੱਕ ਸਾਈਬਰ ਕੈਫੇ ਦਾ ਸ਼ਟਰ ਤੋੜਿਆ। ਕੈਫੇ ਮਾਲਕ ਵਰਿੰਦਰ ਸਿੰਘ ਨੇ ਦੱਸਿਆ ਕਿ ਚੋਰ ਕੈਫੇ ਤੋਂ ਲਗਭਗ 10 ਹਜ਼ਾਰ ਰੁਪਏ ਨਕਦ, ਇੱਕ ਸਮਾਰਟ ਵਾਚ, ਇੱਕ ਹੋਰ ਘੜੀ ਅਤੇ ਇੱਕ ਟੈਬਲੈੱਟ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਆਸ-ਪਾਸ ਦੀ ਇੱਕ ਸਕੂਟਰ-ਮੋਟਰਸਾਈਕਲ ਰਿਪੇਅਰ ਦੁਕਾਨ ਦੇ ਤਾਲੇ ਵੀ ਤੋੜੇ, ਪਰ ਉੱਥੋਂ ਕੁਝ ਨਾ ਮਿਲਣ ਕਾਰਨ ਉਹ ਖਾਲੀ ਹੱਥ ਵਾਪਸ ਆ ਗਏ। ਚੋਰਾਂ ਨੇ ਇਸੇ ਰੋਡ ’ਤੇ ਦੋ ਹੋਰ ਦੁਕਾਨਾਂ ਦੇ ਵੀ ਤਾਲੇ ਤੋੜੇ, ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੁਕਾਨਾਂ ਵਿੱਚੋਂ ਕਿਹੜਾ ਸਮਾਨ ਗਾਇਬ ਹੋਇਆ ਹੈ।
ਇਸ ਤੋਂ ਇਲਾਵਾ ਚੋਰਾਂ ਨੇ ਵਰਸੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਸਕੂਲ ਵਿੱਚ ਜ਼ਮਕੇ ਭੰਨ ਤੋੜ ਕੀਤੀ ਅਤੇ ਇੱਕ ਐੱਲਈਡੀ ਟੀਵੀ ਸਮੇਤ ਹੋਰ ਕਈ ਯੰਤਰ ਤੇ ਸਮਾਨ ਚੋਰੀ ਕਰ ਲਿਆ। ਸਕੂਲ ਸਟਾਫ਼ ਨੇ ਸਵੇਰੇ ਜਦੋਂ ਇਹ ਦੇਖਿਆ ਤਾਂ ਹੜਕੰਪ ਮੱਚ ਗਿਆ। ਸਟਾਫ਼ ਨੇ ਦੱਸਿਆ ਕਿ ਚੋਰਾਂ ਨੇ ਕਮਰਿਆਂ ਦੇ ਤਾਲੇ ਤੋੜ ਦਿੱਤੇ ਅਤੇ ਕਈ ਕੀਮਤੀ ਸਮਾਨ ਚੁੱਕ ਲੈ ਗਏ। ਚੋਰੀਆਂ ਦੇ ਵਧਦੇ ਹੌਂਸਲੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ ਖੇਤਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਜਾਨ-ਮਾਲ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਸ਼ਤ ਵਧਾਈ ਜਾਵੇ ਅਤੇ ਮੁਜਰਿਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਕਈ ਦੁਕਾਨਦਾਰਾਂ ਨੇ ਕਿਹਾ ਕਿ ਰਾਤ ਦੇ ਸਮੇਂ ਪੁਲਿਸ ਗਸ਼ਤ ਲਗਭਗ ਨਾ-ਮੌਜੂਦ ਹੁੰਦੀ ਹੈ, ਜਿਸਦਾ ਫ਼ਾਇਦਾ ਚੋਰ ਉਠਾ ਰਹੇ ਹਨ।
ਦੂਜੇ ਪਾਸੇ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਚੋਰੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ, ਪਰ ਅਜੇ ਤੱਕ ਕਿਸੇ ਵੀ ਮਾਮਲੇ ਵਿੱਚ ਕੋਈ ਵੱਡੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।