- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਯੂਨੀਅਨ ਵੱਲੋਂ 22 ਜੁਲਾਈ ਨੂੰ ਰਛਪਾਲਵਾਂ ਟੋਲ ਪਲਾਜ਼ਾ ਨੂੰ ਬੰਦ ਰੱਖਣ ਦਾ ਐਲਾਨ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਸ਼ਿਵ ਮੰਦਿਰ ਪਾਰਕ ਕਲਾਨੌਰ ਵਿਖੇ ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤ-ਅਮਰੀਕਾ ਖੇਤੀਬਾੜੀ ਸਮਝੌਤੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। ਮੀਟਿੰਗ ਮਗਰੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਕਾਮਲਪੁਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 22 ਜੁਲਾਈ ਨੂੰ ਗੁਰਦਾਸਪੁਰ-ਪਠਾਨਕੋਟ ਰੋਡ ’ਤੇ ਸਥਿਤ ਰਛਪਾਲਵਾਂ ਟੋਲ ਪਲਾਜ਼ੇ ਨੂੰ ਦੁਪਹਿਰ 11 ਵਜੇ ਤੋਂ 2 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਹ ਸੰਕੇਤਕ ਧਰਨਾ ਕਿਸਾਨਾਂ ਵੱਲੋਂ ਆਪਣੀ ਗੱਲ ਨੂੰ ਜ਼ੋਰਦਾਰ ਢੰਗ ਨਾਲ ਉਭਾਰਨ ਲਈ ਦਿੱਤਾ ਜਾ ਰਿਹਾ ਹੈ। ਪ੍ਰੈੱਸ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਅਮਰੀਕਾ ਨਾਲ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਜੋ ਸਮਝੌਤਾ ਕਰਨ ਜਾ ਰਹੀ ਹੈ, ਉਸ ਨਾਲ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਣਕਿਆਸਿਆ ਨੁਕਸਾਨ ਝੱਲਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਨਾ ਸਿਰਫ਼ ਕਿਸਾਨੀ ਤਬਾਹ ਹੋਵੇਗੀ, ਸਗੋਂ ਡੇਅਰੀ ਫਾਰਮਿੰਗ, ਪੋਲਟਰੀ ਫਾਰਮ ਅਤੇ ਮਛੀ ਪਾਲਣ ਵਰਗੇ ਛੋਟੇ ਕਿੱਤੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਸ ਦਿਨ ਵੀ ਭਾਰਤ ਤੇ ਅਮਰੀਕਾ ਵਿਚਾਲੇ ਖੇਤੀਬਾੜੀ ਸਬੰਧੀ ਸਮਝੌਤਾ ਸਿਰੇ ਚੜ੍ਹੇਗਾ, ਉਸ ਤੋਂ ਅਗਲੇ ਦਿਨ ਹੀ ਸੰਯੁਕਤ ਕਿਸਾਨ ਮੋਰਚਾ ਅਗਲੀ ਕਾਰਵਾਈ ਬਾਰੇ ਫੈਸਲਾ ਲਵੇਗਾ, ਜਿਸ ਉੱਤੇ ਤੁਰੰਤ ਅਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਿੰਡ ਪੱਧਰ ’ਤੇ ਮੀਟਿੰਗਾਂ ਕਰਨ ਅਤੇ ਸਰਕਾਰੀ ਨੀਤੀਆਂ ਬਾਰੇ ਜਾਗਰੂਕ ਕਰਨ ਦੀ ਵੀ ਲੋੜ ਉੱਤੇ ਜ਼ੋਰ ਦਿੱਤਾ ਗਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਇਸ ਨੂੰ ਕਿਸਾਨੀ ਵਿਰੋਧੀ ਕਰਾਰ ਦਿੰਦਿਆਂ ਇਸ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਮਲਪੁਰ, ਜਰਨੈਲ ਸਿੰਘ ਸਪਰਾਵਾਂ, ਜਗਜੀਤ ਸਿੰਘ ਸੇਖਕਬੀਰ, ਜਰਨੈਲ ਸਿੰਘ, ਮਹਿੰਦਰ ਸਿੰਘ ਲੱਖਣ ਖੁਰਦ, ਮੋਹਨ ਸਿੰਘ ਗਵਾਰ, ਜਗੀਰ ਸਿੰਘ, ਸਰਦੂਲ ਸਿੰਘ ਚਿੱਕੜੀ, ਕੁਲਵੰਤ ਸਿੰਘ ਰਾਮਦਿਵਾਲੀ, ਮਨਜੀਤ ਸਿੰਘ, ਹਰਦੀਪ ਸਿੰਘ ਰਾਮਦਿਵਾਲੀ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਸਿੰਘਪੁਰਾ, ਪਰਸ ਰਾਮ, ਅਰਜਿੰਦਰ ਸਿੰਘ ਕਲਾਨੌਰ ਅਤੇ ਹਰਪ੍ਰੀਤ ਲਾਡੀ ਸਮੇਤ ਹੋਰ ਕਿਸਾਨ ਆਗੂ ਸ਼ਾਮਲ ਹੋਏ।