ਕਿਸਾਨਾਂ ਨੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ’ਤੇ ਦਿੱਤਾ ਧਰਨਾ
ਕਿਸਾਨਾਂ ਨੇ ਅੰਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ’ਤੇ ਦਿੱਤਾ ਧਰਨਾ
Publish Date: Tue, 24 Mar 2026 06:16 PM (IST)
Updated Date: Wed, 25 Mar 2026 04:05 AM (IST)

* ਰੇਲ ਗੱਡੀਆਂ ਹੋਈਆਂ ਪ੍ਰਭਾਵਿਤ, ਲੋਕ ਹੋਏ ਪਰੇਸ਼ਾਨ ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਮੰਗਲਵਾਰ ਦੀ ਤੜਕਸਾਰ ਅੰਮ੍ਰਿਤਸਰ ਦੇ ਰਾਮਤੀਰਥ ਰੋਡ ’ਤੇ ਪਿੰਡ ਮਾਹਲਾਂ ’ਚ ਧਰਨਾ ਲਗਾ ਕੇ ਬੈਠੇ ਕਿਸਾਨਾਂ ’ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਬਟਾਲਾ ਦੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਨੇੜੇ ਘਸੀਟਪੁਰਾ ਵਿਖੇ ਕਿਸਾਨਾਂ ਨੇ ਧਰਨਾ ਲਗਾ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਕਿਸਾਨਾਂ ਦੇ ਇਸ ਧਰਨੇ ਨਾਲ ਅੰਮ੍ਰਿਤਸਰ ਪਠਾਨਕੋਟ ਰੇਲਵੇ ਸੇਵਾ ਪ੍ਰਭਾਵਿਤ ਹੋ ਗਈ। ਉਧਰ ਕਿਸਾਨਾਂ ਦੇ ਧਰਨਾ ਲੱਗਣ ਉਪਰੰਤ ਵੱਡੀ ਗਿਣਤੀ ’ਚ ਪੁਲਿਸ ਫੋਰਸ ਪਹੁੰਚ ਗਈ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਕੇ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਦੀ ਅਪੀਲ ਕੀਤੀ ਪਰ ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਰਹੇ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੌਤਾਲਾ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਮਾਹਲਾਂ ’ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਧਰਨੇ ’ਤੇ ਮੰਗਲਵਾਰ ਤੜਕਸਾਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਅਤੇ ਸੂਬਾ ਆਗੂ ਸਰਵਨ ਸਿੰਘ ਪੰਧੇਰ ਸਮੇਤ 70 ਕਿਸਾਨ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤ ਚ ਲੈ ਲਿਆ। ਉਨਾਂ ਕਿਹਾ ਕਿ ਸ਼ੰਬੂ ਮੋਰਚੇ ’ਤੇ ਕਿਸਾਨਾਂ ਦਾ ਕਰੀਬ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ ਜੋ ਸਰਕਾਰ ਵੱਲੋਂ ਮਨ ਲੈਣ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਬਿਜਲੀ ਸੋਧ ਬਿੱਲ, ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ, ਬੀਜ ਸੋਧ ਬਿੱਲ, ਮਨਰੇਗਾ ਦਾ ਨਵਾਂ ਕਾਨੂੰਨ ਵਾਪਸ ਹੋਵੇ ਤੇ ਪਰਾਲੀ ਸਾੜਨ ਦੇ ਦਰਜ ਹੋਏ ਮਾਮਲੇ ਸਬੰਧੀ ਮੰਗਾਂ ਨੂੰ ਸਰਕਾਰ ਤੁਰੰਤ ਮੰਨੇ, ਨਹੀਂ ਤਾਂ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਜਿੰਨਾ ਚਿਰ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂ ਤੇ ਹੋਰ ਕਿਸਾਨ ਰਿਹਾਅ ਨਹੀਂ ਕੀਤੇ ਜਾਂਦੇ ਰੇਲਵੇ ਟਰੈਕ ’ਤੇ ਧਰਨਾ ਜਾਰੀ ਰਹੇਗਾ। ਇਸ ਧਰਨੇ ’ਚ ਗੁਰਜੀਤ ਸਿੰਘ ਬੱਲੜਵਾਲ, ਕਵਲਜੀਤ ਸਿੰਘ ਪੰਜਗਰਾਈਆਂ, ਝਿਰਮਲ ਸਿੰਘ ਬੱਜੂਮਾਨ, ਸੁਖਦੇਵ ਸਿੰਘ ਪਿੰਡੀ, ਨਿਸ਼ਾਨ ਸਿੰਘ ਮੇੜੇ, ਪਰਮਿੰਦਰ ਸਿੰਘ ਚੀਮਾ, ਬਲਦੇਵ ਸਿੰਘ ਪੰਡੋਰੀ, ਸੁਖਦੇਵ ਸਿੰਘ ਨੱਤ, ਰਛਪਾਲ ਸਿੰਘ ਭਰਥ, ਪਰਮਜੀਤ ਸਿੰਘ ਡੇਰਾ ਬਾਬਾ ਨਾਨਕ, ਦੇਸਾ ਸਿੰਘ ਰੁਡਿਆਣਾ, ਅਨੋਖ ਸਿੰਘ ਸੁਲਤਾਨੀ, ਬੀਬੀ ਰਮਨਦੀਪ ਕੌਰ, ਬੀਬੀ ਮਨਜਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਬੀਬੀਆਂ ਰੇਲ ਪਟੜੀ ’ਤੇ ਬੈਠੀਆਂ ਹੋਈਆਂ ਹਨ। ਐੱਸਐੱਸਪੀ ਬਟਾਲਾ ਤੇ ਗੁਰਦਾਸਪੁਰ ਕਿਸਾਨਾਂ ਦੇ ਧਰਨੇ ’ਤੇ ਪੁੱਜੇ ਕਿਸਾਨਾਂ ਵੱਲੋਂ ਰੇਲ ਪੱਟੜੀ ’ਤੇ ਧਰਨਾ ਲਗਾਏ ਜਾਣ ’ਤੇ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਅਤੇ ਗੁਰਦਾਸਪੁਰ ਦੇ ਐੱਸਐੱਸਪੀ ਅਦਿਤਿਆ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨਾਲ ਐੱਸਪੀ, ਡੀਐੱਸਪੀ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਐੱਸਐੱਸਪੀ ਬਟਾਲਾ ਤੇ ਐੱਸਐੱਸਪੀ ਗੁਰਦਾਸਪੁਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰੇਲਵੇ ਟਰੈਕ ਖਾਲੀ ਕਰਨ ਦੀ ਅਪੀਲ ਕੀਤੀ, ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਰਹੇ ਅਤੇ ਰੇਲ ਪੱਟੜੀ ’ਤੇ ਧਰਨਾ ਜਾਰੀ ਰੱਖਿਆ। ਰੇਲ ਗੱਡੀਆਂ ਹੋਈਆਂ ਪ੍ਰਭਾਵਿਤ, ਲੋਕ ਹੋਏ ਪਰੇਸ਼ਾਨ ਕਿਸਾਨਾਂ ਵੱਲੋਂ ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ’ਤੇ ਧਰਨਾ ਲਗਾ ਦਿੱਤੇ ਜਾਣ ਕਰਨ ਅੰਮ੍ਰਿਤਸਰ ਤੋਂ ਪਠਾਨਕੋਟ ਰੇਲ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰੇਲ ਪਟੜੀ ’ਤੇ ਲੱਗੇ ਧਰਨੇ ਕਾਰਨ ਰੇਲ ਗੱਡੀਆਂ ’ਚ ਰੋਜ਼ਾਨਾ ਸਫਰ ਕਰਨ ਵਾਲੇ ਲੋਕ ਪਰੇਸ਼ਾਨ ਰਹੇ। ਕਿਸਾਨਾਂ ਦੇ ਲੱਗੇ ਧਰਨੇ ਕਾਰਨ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜਿੰਨਾ ਚਿਰ ਰੇਲਵੇ ਟਰੈਕ ਖਾਲੀ ਨਹੀਂ ਹੁੰਦਾ, ਉਨਾ ਚਿਰ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ।