- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਵਿਭਾਗ ਵੱਲੋਂ ਤਿੰਨ ਦਿਨਾਂ ਤੋਂ ਕਣਕ ਦਾ ਸਬਸਿਡੀ ਵਾਲਾ ਬੀਜ ਨਾ ਦੇਣ 'ਤੇ ਕਿਸਾਨਾਂ ਨੇ ਕੀਤੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ਨਾਲ ਸਬੰਧਿਤ ਖੇਤੀਬਾੜੀ ਵਿਭਾਗ ਦੇ ਬਲਾਕ ਕਲਾਨੌਰ ਤੋਂ ਪਿਛਲੇ ਤਿੰਨ ਦਿਨਾਂ ਤੋਂ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਲਈ ਚੱਕਰ ਕੱਟ ਰਹੇ ਕਿਸਾਨਾਂ ਵੱਲੋਂ ਰੋਸ ਵਿੱਚ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਬਲਾਕ ਕਲਾਨੌਰ ਵਿੱਚ ਸਬਸਿਡੀ ਵਾਲਾ ਕਣਕ ਦਾ ਬੀਜ ਲੈਣ ਆਏ ਸਰਹੱਦੀ ਪਿੰਡਾਂ ਨਾਲ ਸਬੰਧਿਤ ਕਿਸਾਨ ਸੁਖਦੇਵ ਸਿੰਘ ਸੁੱਖਾ ਰਾਜੂ, ਜਗਦੇਵ ਸਿੰਘ ਕਲਾਨੌਰ, ਸੁਖਵਿੰਦਰ ਸਿੰਘ ਕਲਾਨੌਰ, ਗੁਰਮੀਤ ਸਿੰਘ ਸਪਰਾਏ, ਬਲਜੀਤ ਸਿੰਘ, ਕੁਲਦੀਪ ਸਿੰਘ, ਸਰਦੂਲ ਸਿੰਘ ਰੋਸੇ, ਗੁਰਦੀਪ ਸਿੰਘ ਬਲੀਮ, ਦਲਬੀਰ ਸਿੰਘ ਨਾਹਰਪੁਰ ਖੱਦਰ, ਨਰਿੰਦਰ ਸਿੰਘ ਮਸਤਕੋਟ, ਦਿਲਬਾਗ ਸਿੰਘ ਬਲੀਨ ਬਲੀਮ, ਹਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦਾ ਸਬਸਿਡੀ ਵਾਲਾ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵੀਰਵਾਰ ਨੂੰ ਸਬਸਿਡੀ 'ਤੇ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਣਾ ਸ਼ੁਰੂ ਕੀਤਾ ਸੀ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਬਸਿਡੀ ਦਾ ਬੀਜ ਲੈਣ ਲਈ ਖੇਤੀਬਾੜੀ ਵਿਭਾਗ ਨੂੰ ਫਾਰਮ ਵੀ ਭਰ ਕੇ ਦਿੱਤੇ ਗਏ ਹਨ, ਪਰੰਤੂ ਉਹ ਸਬਸਿਡੀ ਦਾ ਬੀਜ ਲੈਣ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਖੇਤੀਬਾੜੀ ਦਫ਼ਤਰ ਕਲਾਨੌਰ ਦੇ ਚੱਕਰ ਕੱਟ ਰਹੇ ਹਨ, ਪਰੰਤੂ ਕਿਸਾਨਾਂ ਨੂੰ ਸਬਸਿਡੀ ਦਾ ਬੀਜ ਵੰਡਣ ਵਾਲਾ ਖੇਤੀਬਾੜੀ ਵਿਭਾਗ ਦਾ ਅਧਿਕਾਰੀ ਹੀ ਦਫ਼ਤਰ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਹੈ, ਪਰੰਤੂ ਉਨ੍ਹਾਂ ਨੂੰ ਸਬਸਿਡੀ ਦਾ ਬੀਜ ਨਾ ਮਿਲਣ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਖੇਤੀਬਾੜੀ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਬਸਿਡੀ ਦਾ ਬੀਜ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ। ਕਿਸਾਨਾਂ ਨੂੰ ਸਬਸਿਡੀ ਦਾ ਬੀਜ ਨਾ ਮਿਲਣ ਸਬੰਧੀ ਜਦੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਕਿਸਾਨਾਂ ਨੂੰ ਕਣਕ ਦਾ ਬੀਜ ਮੁਹੱਈਆ ਕਰਵਾਉਣਗੇ।