ਤੀਜੇ ਦਿਨ ਵੀ ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਲਾਨੌਰ ਅਨਾਜ਼ ਮੰਡੀ 'ਚ ਤੀਸਰੇ ਦਿਨ ਵੀ ਖਰੀਦ ਨਾ ਹੋਣ ਤੇ ਕਿਸਾਨ ਜਥੇਬੰਦੀਆਂ ਲਗਾਇਆ ਧਰਨਾ
Publish Date: Sat, 03 Oct 2026 05:34 PM (IST)
Updated Date: Sat, 03 Oct 2026 05:37 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸ਼ਨੀਵਾਰ ਨੂੰ ਬਾਰਡਰ ਏਰੀਏ ਦੀ ਪ੍ਰਮੁੱਖ ਅਨਾਜ਼ ਮੰਡੀ ਕਲਾਨੌਰ ’ਚ ਸਰਕਾਰੀ ਖਰੀਦ ਨਾ ਹੋਣ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਾਰਕੀਟ ਕਮੇਟੀ ਦਫਤਰ ਦੇ ਮੂਹਰੇ ਧਰਨਾ ਲਾਇਆ ਗਿਆ ਅਤੇ ਮਾਰਕੀਟ ਦਫਤਰ ਦੇ ਚੌਗਿਰਦੇ ’ਚ ਝੋਨੇ ਦੀ ਭਰੀ ਟਰਾਲੀ ਨੂੰ ਲਾਹ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਕਿਸਾਨ ਤੇ ਜਵਾਨ ਭਲਾਈ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਕਿਸਾਨ ਮਜ਼ਦੂਰ ਯੂਨੀਅਨ ਦੇ ਅਸ਼ਵਨੀ ਕੁਮਾਰ ਲੱਖਣ ਕਲਾਂ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲੀ ਅਕਤੂਬਰ ਤੋਂ ਮੰਡੀਆਂ ’ਚ ਝੋਨੇ ਦੀ ਖਰੀਦ ਸ਼ੁਰੂ ਕੀਤੀ ਹੋਈ ਹੈ ਉੱਥੇ ਹੀ ਕਲਾਨੌਰ ਅਨਾਜ਼ ਮੰਡੀ ਤੋਂ ਇਲਾਵਾ ਵੱਖ-ਵੱਖ ਖਰੀਦ ਕੇਂਦਰਾਂ ’ਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਦੀ ਝੋਨੇ ਦੀ ਖਰੀਦ ਅਤੇ ਮੰਡੀਆਂ ’ਚ ਬਾਰਦਾਨੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਫਸਰ ਅਤੇ ਮਾਰਕੀਟ ਕਮੇਟੀ ਸਕੱਤਰ ਨਾਲ ਮੀਟਿੰਗ ਕੀਤੀ ਗਈ ਸੀ ਜਿਸ ’ਚ ਉਹਨਾਂ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੀ ਮੰਡੀਆਂ ’ਚ ਆਈ ਜਿਨਸ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਕਲਾਨੌਰ ਅਨਾਜ਼ ਮੰਡੀ ’ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ, ਜੋ ਝੋਨੇ ਦੀ ਢੇਰੀ ਦੀ ਸਰਕਾਰੀ ਖਰੀਦ ਕਰਵਾਈ ਸੀ ਉਹ ਝੋਨੇ ਦੀ ਢੇਰੀ ਅੱਜ ਵੀ ਮੰਡੀ ’ਚ ਉਸੇ ਤਰ੍ਹਾਂ ਹੀ ਪਈ ਹੋਈ ਹੈ। ਉਨ੍ਹਾਂ ਮੰਡੀ ’ਚ ਖਰੀਦ ਕੀਤੀ ਗਈ ਢੇਰੀ ਨੂੰ ਦਿਖਾਉਂਦਿਆਂ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਝੋਨੇ ਦੀ ਢੇਰੀ ਦੀ ਤੁਲਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਲਾਨੌਰ ਝੋਨੇ ਦੀ ਖਰੀਦ ਕੇਵਲ ਮੀਡੀਆ ’ਚ ਖਬਰ ਪ੍ਰਕਾਸ਼ਤ ਕਰਨ ਤੱਕ ਹੀ ਸੀਮਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਮੰਡੀ ਵਿੱਚੋਂ ਸਰਕਾਰੀ ਖਰੀਦ ਨਹੀਂ ਹੁੰਦੀ ਤਾਂ ਭਲਕੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਵਿਚਾਰ ਵਟਾਂਦਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਭੋਜਰਾਜ ਨੇ ਇਹ ਦੱਸਿਆ ਕਿ ਜ਼ਿਲ੍ਹੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ’ਤੇ ਵੀ ਮੰਡੀਆਂ ’ਚ ਤੈਨਾਤ ਅਮਲਾ ਮੁੱਖ ਮੰਤਰੀ ਦੀ ਖੁਸ਼ਾਮਦੀਦ ’ਚ ਲੱਗਾ ਹੋਇਆ ਹੈ ਜਦਕਿ ਮੰਡੀਆਂ ’ਚ ਕਿਸਾਨ ਫੱਕੇ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਖਰੀਦ ਨੂੰ ਲੇਟ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਸਤਨਾਮ ਸਿੰਘ ਬਲਾਰੀਆ, ਗੁਰਜੀਤ ਸਿੰਘ ਬੁਲਾਰੀਆ, ਗੁਰਵਿੰਦਰ ਸਿੰਘ, ਬਲਵੰਤ ਸਿੰਘ, ਦੀਦਾਰ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਕਮਲਪੁਰ ਆਦਿ ਕਿਸਾਨ ਹਾਜ਼ਰ ਸਨ।