- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੇ ਮਟਰਾਂ ਦਾ ਝਾੜ ਅਤੇ ਰੇਟ ਘੱਟ ਹੋਣ ਕਾਰਨ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਜਿੱਥੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਦਾਲਾਂ ਸਬਜ਼ੀਆਂ ਅਤੇ ਹੋਰ ਫਸਲਾਂ ਦੀ ਕਾਸ਼ਤ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਫ਼ਸਲੀ ਚੱਕਰ ਤੋਂ ਬਾਹਰ ਨਿਕਲਦਿਆਂ ਹੋਇਆਂ ਆਪਣੇ ਖੇਤਾਂ ਵਿੱਚ ਬਿਜਾਈ ਕੀਤੀ ਮਟਰ ਦੀ ਫ਼ਸਲ ਦਾ ਝਾੜ ਤੇ ਰੇਟ ਘੱਟ ਹੋਣ ਕਾਰਨ ਉਹਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਟਰ ਕਾਸ਼ਤਕਾਰ ਬਲਕਾਰ ਸਿੰਘ, ਦਵਿੰਦਰ ਸਿੰਘ ,ਧਰਮਿੰਦਰਜੀਤ ਸਿੰਘ, ਸੇਵਾ ਸਿੰਘ, ਜਸਬੀਰ ਸਿੰਘ ਗੁਰਾਇਆ, ਕਸ਼ਮੀਰ ਸਿੰਘ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਹਰੇ ਮਟਰਾਂ ਦਾ ਝਾੜ ਅਤੇ ਰੇਟ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੋਣ ਕਾਰਨ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਦੀ ਥਾਂ ਤੇ ਹਰੇ ਮਟਰਾਂ ਦੀ ਖੇਤੀ ਕੀਤੀ ਹੋਈ ਸੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪ੍ਰਤੀ ਏਕੜ ਜ਼ਮੀਨ ’ਚ 65 ਤੋਂ ਲੈ ਕੇ 70 ਕਿਲੋ ਤੱਕ ਮਟਰਾਂ ਦਾ ਬੀਜ ਪ੍ਰਤੀ ਕਿਲੋ 165 ਰੁਪਏ ਖਰੀਦਣ ਤੋਂ ਇਲਾਵਾ ਪ੍ਰਤੀ ਏਕੜ ਜ਼ਮੀਨ ਵਿੱਚ ਦੋ ਬੋਰੀਆਂ ਡਾਇਆ ਖਾਦ ਅਤੇ ਦੋ ਬੋਰੀਆਂ ਯੂਰੀਆ ਖਾਦ ਸਮੇਤ ਮਟਰਾਂ ਦੀ ਬਿਜਾਈ ਪ੍ਰਤੀ ਏਕੜ 2 ਹਜ਼ਾਰ ਅਤੇ ਮਟਰਾਂ ਦੀ ਵਹਾਈ ਤੇ ਕਰੀਬ 4 ਹਜ਼ਾਰ ਖਰਚਿਆਂ ਸਮੇਤ ਪ੍ਰਤੀ ਏਕੜ ਤੇ 24 ਹਜ਼ਾਰ ਦੇ ਕਰੀਬ ਰਾਸ਼ੀ ਖਰਚ ਕੀਤੀ ਸੀ। ਉਹਨਾਂ ਦੱਸਿਆ ਕਿ ਜਿੱਥੇ ਪਿਛਲੇ ਸਾਲ ਮਟਰ ਦੀ ਤੁੜਵਾਈ ਦੇ ਸ਼ੁਰੂ ਵਿੱਚ ਅਗੇਤੇ ਹਰੇ ਮਟਰ ਮੰਡੀਆਂ ਵਿੱਚ 80 ਰੁਪਏ ਪ੍ਰਤੀ ਕਿਲੋ ਵਿਕਣੇ ਸ਼ੁਰੂ ਹੋਏ ਸਨ ਅਤੇ ਅਖੀਰ ਤੱਕ 40 ਤੋਂ 50 ਰੁਪਏ ਤੱਕ ਵੀ ਮਟਰ ਵਿਕਦੇ ਰਹੇ ਸਨ ਤੇ ਪ੍ਰਤੀ ਏਕੜ ਵਿੱਚੋਂ 30 ਤੋਂ 35 ਕੁਇੰਟਲ ਤੱਕ ਮਟਰ ਨਿਕਲਿਆ ਸੀ ਪਰੰਤੂ ਇਸ ਵਾਰ ਮਟਰਾਂ ਦੀ ਤੁੜਵਾਈ ਤੋਂ ਸ਼ੁਰੂ ਵਿੱਚ ਹੀ ਮਟਰ ਦਾ ਭਾਅ 40 ਤੋਂ 50 ਰੁਪਏ ਇਕ ਦੋ ਦਿਨ ਤੱਕ ਰਹਿਣ ਤੋਂ ਬਾਅਦ ਮਟਰ ਦਾ ਭਾਅ ਹੇਠਾਂ ਡਿੱਗਦਿਆਂ ਡਿੱਗਦਿਆਂ ਇਸ ਵੇਲੇ ਮੰਡੀ ਵਿੱਚ 15 ਤੋਂ 20 ਰੁਪਏ ਪ੍ਰਤੀ ਕਿਲੋ ਮਟਰ ਵਿਕ ਰਿਹਾ ਹੈ। ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 35 ਕਿੱਲੋ ਮਟਰ ਦੇ ਤੋੜੇ ਦੀ ਤੁੜਵਾਈ 150 ਰੁਪਏ ਦੇਣੀ ਪੈ ਰਹੀ ਹੈ ਅਤੇ ਉਹਨਾਂ ਵਲੋਂ ਚਾਰ ਤੋਂ ਪੰਜ ਰੁਪਏ ਪ੍ਰਤੀ ਕਿਲੋ ਮਟਰ ਦੀ ਤੁੜਵਾਈ ਦਿੱਤੀ ਜਾ ਰਹੀ ਹੈ। ਬਲਕਾਰ ਸਿੰਘ ਨੇ ਦੱਸਿਆ ਕਿ ਮਟਰਾਂ ਦੀ ਬਿਜਾਈ ਦੌਰਾਨ ਮੀਂਹ ਪੈਣ ਕਾਰਨ ਇਸ ਵਾਰ ਮਟਰ ਦੇ ਬੂਟੇ ਵੀ ਕਮਜ਼ੋਰ ਰਹੇ। ਉਹਨਾਂ ਦੱਸਿਆ ਕਿ ਉਸ ਵੱਲੋਂ ਇੱਕ ਇੱਕ ਮਟਰ ਦੀ ਫਸਲ ਨੂੰ ਖੇਤਾਂ ਵਿੱਚ ਵਾਹ ਦਿੱਤਾ ਗਿਆ ਹੈ। ਇਸ ਮੌਕੇ ਮਟਰ ਕਾਸ਼ਤਕਾਰਾਂ ਨੇ ਕਿਹਾ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਅਤੇ ਕਣਕ ਦੀ ਵਿਕਰੀ ਅਤੇ ਹੋਰ ਸਮੱਸਿਆਵਾਂ ਮੌਕੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਪ੍ਰੰਤੂ ਹੁਣ ਮਟਰ ਕਾਸ਼ਤਕਾਰਾਂ ਦੇ ਹੱਕ ਵਿੱਚ ਕੋਈ ਵੀ ਜਥੇਬੰਦੀ ਨਹੀਂ ਉਤਰੀ।
-ਮੌਸਮ ’ਚ ਆਈ ਗਰਮਾਹਟ ਕਾਰਨ ਮਟਰਾਂ ਦਾ ਝਾੜ ਘਟਿਆ : ਕਾਸ਼ਤਕਾਰ ਸੰਦੀਪ ਸਿੰਘ ਗੁਰਾਇਆ
ਕਸਬਾ ਕਲਾਨੌਰ ਦੇ ਅਗਾਂਹਵਧੂ ਕਿਸਾਨ ਸੰਦੀਪ ਸਿੰਘ ਗੁਰਾਇਆ ਨੇ ਦੱਸਿਆ ਕਿ ਉਸ ਵੱਲੋਂ ਵੀ ਏਕੜ ਜ਼ਮੀਨ ਵਿੱਚ ਅੱਗੇ ਤੇ ਮਟਰਾਂ ਦੀ ਬਿਜਾਈ ਕੀਤੀ ਸੀ ਜਿੱਥੇ ਪਿਛਲੇ ਸਾਲ ਮਟਰਾਂ ਦੀ ਫਸਲ ਕਾਫੀ ਲਾਹੇਵੰਦ ਸਾਬਿਤ ਹੋਈ ਸੀ ਪ੍ਰੰਤੂ ਇਸ ਵਾਰ ਮਟਰ ਦਾ ਭਾਅ ਅਤੇ ਰੇਟ ਘੱਟ ਹੋਣ ਕਾਰਨ ਮਟਰ ਦੀ ਫ਼ਸਲ ਤੇ 25 ਹਜ਼ਾਰ ਦੇ ਕਰੀਬ ਖਰਚ ਕਰਨ ਦੇ ਬਾਵਜੂਦ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਉਹਨਾਂ ਦਾ ਖਰਚਾ ਵੀ ਪੂਰਾ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਇਸ ਨਵੰਬਰ ਮਹੀਨੇ ਵਿੱਚ ਵੀ ਮੌਸਮ ਵਿੱਚ ਗਰਮਾਟ ਹੋਣ ਕਾਰਨ ਮਟਰ ਦੀ ਫਸਲ ਪ੍ਰਭਾਵਿਤ ਹੋਈ ਹੈ। ਉਹਨਾਂ ਕਿਹਾ ਕਿ ਗਰਮ ਮੌਸਮ ਕਾਰਨ ਮਟਰ ਦਾ ਝਾੜ ਘੱਟ ਹੋਣ ਤੋਂ ਇਲਾਵਾ ਕੁਆਲਿਟੀ ਵੀ ਪਹਿਲਾਂ ਨਾਲੋਂ ਵਧੀਆ ਨਹੀਂ ਰਹੀ। ਉਹਨਾਂ ਕਿਹਾ ਕਿ ਪਿਛਲੇ ਸਾਲ ਮੌਸਮ ਠੰਡਾ ਹੋਣ ਕਾਰਨ ਮਟਰ ਅਤੇ ਰਾਜਮਾਂਹ ਦੀ ਫ਼ਸਲ ਦਾ ਝਾੜ ਬਹੁਤ ਵਧੀਆ ਰਿਹਾ ਸੀ। ਉਹਨਾਂ ਕਿਹਾ ਕਿ ਮੌਸਮ ਵਿੱਚ ਹੋ ਰਹੀ ਤਬਦੀਲੀ ਕਾਰਨ ਮਟਰ ਕਾਸ਼ਤਕਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ।