- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਬਟਾਲਾ ਦੀ ਦਾਣਾ ਮੰਡੀ ’ਚ ਕਿਸਾਨਾਂ ਦੀ ਹੋ ਰਹੀ ਹੈ ਲੁੱਟ : ਐਡਵੋਕੇਟ ਅਮਨਦੀਪ ਜੈਂਤੀਪੁਰ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਬਟਾਲਾ ਦੀ ਦਾਣਾ ਮੰਡੀ ਵਿੱਚ ਚੱਲ ਰਹੀ ਪਰਮਲ ਦੀ ਖਰੀਦ ਅਤੇ ਕਿਸਾਨਾਂ ਦੀ ਮੰਡੀ ਵਿੱਚ ਹੋ ਰਹੀ ਕਥਿਤ ਲੁੱਟ ਨੂੰ ਲੈ ਕੇ ਸਵਾਲ ਚੁੱਕੇ ਗਏ।ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਬਟਾਲਾ ਦੀ ਦਾਣਾ ਮੰਡੀ ਵਿੱਚ ਪਹਿਲੀ ਅਕਤੂਬਰ ਤੋਂ ਹਰ ਰੋਜ਼ 70 ਤੋਂ 80 ਹਜ਼ਾਰ ਝੋਨੇ ਦੀਆਂ ਬੋਰੀਆਂ ਦੀ ਆਮਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋਂ 7 ਅਕਤੂਬਰ ਤੱਕ ਦਾਣਾ ਮੰਡੀ ਵਿੱਚ ਕਰੀਬ 5 ਲੱਖ ਬੋਰੀਆਂ ਦੀ ਆਮਦ ਹੋਈ ਹੈ, ਪਰ ਮਾਰਕੀਟ ਕਮੇਟੀ ਵੱਲੋਂ ਇਨ੍ਹਾਂ ਵਿੱਚੋਂ ਸਿਰਫ਼ 1 ਲੱਖ ਬੋਰੀਆਂ ਦੇ ਹੀ ਸਰਕਾਰੀ ਬਿੱਲ ਕੱਟੇ ਗਏ ਹਨ ਜਦਕਿ ਬਾਕੀ ਬੋਰੀਆਂ ਦੇ ਕੋਈ ਬਿੱਲ ਨਹੀਂ ਕੱਟੇ ਗਏ। ਉਨ੍ਹਾਂ ਕਿਹਾ ਕਿ ਇਹ ਸਭ ਮਾਰਕੀਟ ਕਮੇਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਿਹਾ ਹੈ ਅਤੇ ਉਨ੍ਹਾਂ ਵਲੋਂ ਸਰਕਾਰੀ ਖਜਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੀ ਅਨਾਜ ਮੰਡੀ ਵਿੱਚ ਸਰਕਾਰੀ ਖਰੀਦ ਸ਼ੁਰੂ ਤਾਂ ਹੋਈ ਹੈ, ਪਰ ਕਿਸਾਨਾਂ ਨੂੰ ਸਰਕਾਰ ਵੱਲੋਂ ਪਰਮਲ ਦੀ ਫਸਲ ਦਾ ਨਿਰਧਾਰਤ 2461 ਰੁਪਏ ਪ੍ਰਤੀ ਕੁਇੰਟਲ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਮਲ ਦੀ ਫਸਲ ਦਾ 1900 ਤੋਂ ਲੈ ਕੇ 2200 ਰੁਪਏ ਤੱਕ ਹੀ ਭਾਅ ਮਿਲ ਰਿਹਾ ਹੈ ਅਤੇ ਕਿਸਾਨਾਂ ਦੀ ਵੱਡੇ ਪੱਧਰ ’ਤੇ ਕਥਿਤ ਲੁੱਟ ਹੋ ਰਹੀ ਹੈ। ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਹਰ ਸਾਲ ਬਟਾਲਾ ਦੀ ਦਾਣਾ ਮੰਡੀ ਵਿੱਚ ਕਰੀਬ 40 ਲੱਖ ਝੋਨੇ ਦੀਆਂ ਬੋਰੀਆਂ ਦੀ ਆਮਦ ਹੁੰਦੀ ਹੈ ਅਤੇ ਮਾਰਕੀਟ ਕਮੇਟੀ ਵੱਲੋਂ ਇਨ੍ਹਾਂ ਵਿੱਚੋਂ ਸਿਰਫ਼ ਕੁਝ ਬੋਰੀਆਂ ਦੇ ਹੀ ਸਰਕਾਰੀ ਬਿੱਲ ਕੱਟੇ ਜਾਂਦੇ ਹਨ, ਜਦਕਿ ਜ਼ਿਆਦਾਤਰ ਬੋਰੀਆਂ ਬਿਨਾਂ ਸਰਕਾਰੀ ਬਿੱਲ ਦੇ ਹੀ ਮੰਡੀਆਂ ਵਿੱਚੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਟਾਲਾ ਦੇ ਆਸ-ਪਾਸ ਦੀਆਂ ਦਾਣਾ ਮੰਡੀਆਂ ਜਿਵੇਂ ਜੈਂਤੀਪੁਰ, ਸ੍ਰੀ ਹਰਗੋਬਿੰਦਪੁਰ ਸਾਹਿਬ, ਟਾਂਡਾ ਆਦਿ ਵਿੱਚ ਪਰਮਲ ਦੀ ਖਰੀਦ ਨਿਰਧਾਰਤ ਰੇਟਾਂ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਲੈ ਕੇ ਚੁੱਪ ਨਹੀਂ ਬੈਠੇਗੀ। ਜੇਕਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਤੱਤਲਾ, ਹਰਬੀਰ ਸਿੰਘ, ਸੁਖਦੇਵ ਸਿੰਘ ਬਾਜਵਾ ਸਾਬਕਾ ਕੌਂਸਲਰ, ਜਰਮਨਜੀਤ ਸਿੰਘ ਬਾਜਵਾ ਸਾਬਕਾ ਕੌਂਸਲਰ, ਮਨਦੀਪ ਸਿੰਘ ਕਲੇਰ, ਮਲਕੀਤ ਸਿੰਘ, ਗੁਰਬਚਨ ਸਿੰਘ ਧੁੱਪਸੜੀ, ਗੁਰਵਿੰਦਰ ਸਿੰਘ ਮਲਕਪੁਰ, ਮਸਤਾਨ ਸਿੰਘ ਮਸਾਣੀਆ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਚੇਅਰਮੈਨ ਮਾਰਕੀਟ ਕਮੇਟੀ ਅਤੇ ਸੈਕਟਰੀ ਮਾਰਕੀਟ ਕਮੇਟੀ ਦਾ
ਉਕਤ ਮਾਮਲੇ ਸੰਬੰਧੀ ਜਦੋਂ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਅਤੇ ਸੈਕਟਰੀ ਹਰਸੁਖ ਸਿਮਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਅਮਨਦੀਪ ਜੈਂਤੀਪੁਰ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰਦਿਆਂ ਹੋਇਆ ਕਿਹਾ ਕਿ ਅਮਨਦੀਪ ਜੈਂਤੀਪੁਰ ਜੋ ਦੋਸ਼ ਉਨ੍ਹਾਂ ’ਤੇ ਲਗਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ ਖਰੀਦ 5 ਲੱਖ 37 ਹਜ਼ਾਰ 779 ਕੁਵਿੰਟਲ ਦੀ ਹੋਈ ਹੈ ਜਿਸ ਵਿਚ 1509 ਨੰਬਰ ਬਾਸਮਤੀ ਦੀ ਖਰੀਦ ਹੀ 3 ਲੱਖ 96 ਹਜ਼ਾਰ 160 ਕੁਵਿੰਟਲ ਹੈ ਜੋ ਕਿ ਪ੍ਰਾਈਵੇਟ ਪਾਰਟੀਆਂ ਵਲੋਂ ਖਰੀਦੀ ਗਈ ਹੈ। ਇਸੇ ਤਰ੍ਹਾਂ ਪਰਮਲ ਦੀ ਸਰਕਾਰੀ ਖਰੀਦ 98 ਹਜ਼ਾਰ ਕੁਵਿੰਟਲ ਹੈ ਅਤੇ ਪ੍ਰਾਈਵੇਟ ਖਰੀਦ 41 ਹਜ਼ਾਰ ਕੁਵਿੰਟਲ ਦੇ ਕਰੀਬ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅਮਨਦੀਪ ਜੈਂਤੀਪੁਰ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਹਰ ਚੀਜ ਵਿਚ ਹੀ ਵਿਰੋਧੀਆਂ ਪਾਰਟੀਆਂ ’ਤੇ ਦੋਸ਼ ਲਗਾਉਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਅਤੇ ਮਾਰਕੀਟ ਕਮੇਟੀ ਦੇ ਅਫਸਰਾਂ ਵਲੋਂ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।