ਅਸਮਾਨ ’ਚ ਛਾਏ ਬੱਦਲਾਂ ਕਾਰਨ ਮੰਡੀਆਂ ’ਚ ਕਿਸਾਨ ਤੇ ਆੜ੍ਹਤੀ ਘਬਰਾਏ ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਮੰਡੀਆਂ ਵਿੱਚ ਕਿਸਾਨ ਅਤੇ ਆੜ੍ਹਤੀ ਘਬਰਾਏ
Publish Date: Sat, 24 Oct 2026 04:05 PM (IST)
Updated Date: Sun, 25 Oct 2026 04:01 AM (IST)
--ਨੀਲੇ ਅਸਮਾਨ ਹੇਠਾਂ ਲੱਗੇ ਝੋਨੇ ਦੇ ਅੰਬਾਰ, ਕਿਸਾਨ ਬੋਰੀਆਂ ਢੱਕਣ ਦੀ ਕਰ ਰਹੇ ਨੇ ਜੱਦੋ-ਜਹਿਦ, ਕਿਸਾਨਾਂ ਵੱਲੋਂ ਬਾਰਡਰ ਏਰੀਏ ਦੀਆਂ ਮੰਡੀਆਂ ’ਚ ਸ਼ੈੱਡ ਬਣਾਉਣ ਦੀ ਮੰਗ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਜਿੱਥੇ ਇਸ ਵੇਲੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਉੱਥੇ ਸ਼ਨਿਚਰਵਾਰ ਸ਼ਾਮ ਵੇਲੇ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਨੂੰ ਵੇਖ ਕੇ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨ ਅਤੇ ਆੜ੍ਹਤੀ ਘਬਰਾਏ ਹੋਏ ਹਨ। ਇਸ ਮੌਕੇ ’ਤੇ ਬਾਰਡਰ ਏਰੀਏ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਵਿੱਚ ਨੀਲੇ ਅਸਮਾਨ ਹੇਠਾਂ ਲੱਗੇ ਝੋਨੇ ਦੇ ਢੇਰਾਂ ਅਤੇ ਬੋਰੀਆਂ ਨੂੰ ਤਰਪਾਲਾਂ ਨਾਲ ਢੱਕਣ ਦੀ ਜੱਦੋਜਹਿਦ ਕਰ ਰਹੇ ਕਿਸਾਨ ਜਗਦੇਵ ਸਿੰਘ ਵਾਸੀ ਚੱਕ ਲਖਵਿੰਦਰ ਸਿੰਘ, ਡੇਰਾ ਪਠਾਣਾ ਦੇ ਸੁਖਵਿੰਦਰ ਸਿੰਘ, ਮੇਜਰ ਸਿੰਘ ਨਵਾਂ ਵਾਲੀ, ਰਸਪਾਲ ਸਿੰਘ ਫ਼ੌਜੀ ਭੰਡਵਾਂ, ਰਾਜੂ ਢਿੱਲੋਂ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲੱਗ ਰਹੀਆਂ ਧੁੱਪਾਂ ਕਾਰਨ ਉਨ੍ਹਾਂ ਵੱਲੋਂ ਕੰਬਾਈਨਾਂ ਨਾਲ ਕਟਾਈ ਕੀਤੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਮੰਡੀਆਂ ਵਿੱਚ ਵੇਚਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪਿਛਲੇ ਸਮੇਂ ਦੌਰਾਨ ਮੌਸਮ ਠੀਕ ਰਹਿਣ ਕਾਰਨ ਝੋਨੇ ਤੇ ਬਾਸਮਤੀ ਦਾ ਝਾੜ ਚੰਗਾ ਨਿਕਲਿਆ ਹੈ, ਨਾਲ ਹੀ ਰੇਟ ਵੀ ਵਧੀਆ ਹੋਣ ਕਰਕੇ ਕਾਸ਼ਤਕਾਰ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਸ਼ਾਮ ਵੇਲੇ ਅਸਮਾਨ ਵਿੱਚ ਛਾਏ ਕਾਲੇ ਬੱਦਲਾਂ ਅਤੇ ਹਨੇਰੀ ਆਉਣ ਉਪਰੰਤ ਮੰਡੀ ਵਿੱਚ ਝੋਨਾ ਤੇ ਬਾਸਮਤੀ ਵੇਚਣ ਆਏ ਕਿਸਾਨਾਂ ਵੱਲੋਂ ਮੀਂਹ ਤੋਂ ਸੁੱਕੇ ਝੋਨੇ ਨੂੰ ਬਚਾਉਣ ਲਈ ਤਰਪਾਲਾਂ ਨਾਲ ਢੱਕਿਆ ਜਾ ਰਿਹਾ ਹੈ। ਇਸ ਮੌਕੇ ’ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਸੋਨੇ ਵਰਗਾ ਸੁੱਕਾ ਝੋਨਾ, ਜੋ ਨੀਲੇ ਅਸਮਾਨ ਹੇਠਾਂ ਪਿਆ ਹੈ, ਭਿੱਜਣ ਕਾਰਨ ਨੁਕਸਾਨਿਆ ਜਾ ਸਕਦਾ ਹੈ ਅਤੇ ਝੋਨੇ ਅਤੇ ਬਾਸਮਤੀ ਦੀ ਖ਼ਰੀਦ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਮੌਕੇ ’ਤੇ ਕਿਸਾਨਾਂ ਨੇ ਦੱਸਿਆ ਕਿ ਬਾਰਡਰ ਏਰੀਏ ਦੇ ਕਿਸਾਨਾਂ ਨੂੰ ਜਿੱਥੇ ਪਹਿਲਾਂ ਸਮੇਂ-ਸਮੇਂ ’ਤੇ ਭਾਰਤ-ਪਾਕਿਸਤਾਨ ਦੀਆਂ ਜੰਗਾਂ, ਰਾਵੀ ਅਤੇ ਸਾਕੀ ਨਾਲੇ ਦੇ ਪਾਣੀਆਂ ਦੀ ਮਾਰ ਸਹਿਣ ਕਾਰਨ ਸਰਹੱਦੀ ਲੋਕ ਆਰਥਿਕ ਤੌਰ ’ਤੇ ਅਜੇ ਵੀ ਕਮਜ਼ੋਰ ਹਨ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਣਕ ਤੇ ਝੋਨੇ ਦੀ ਫ਼ਸਲ ਦੌਰਾਨ ਫ਼ਸਲ ਪੱਕਦੀ ਹੈ ਤਾਂ ਮੰਡੀਆਂ ’ਚ ਮੀਂਹ ਪੈਣ ਕਾਰਨ ਉਨ੍ਹਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਰਡਰ ਏਰੀਏ ਦੀਆਂ ਮੰਡੀਆਂ ’ਚ ਸ਼ੈੱਡ ਬਣਾਏ ਜਾਣ ਤੇ ਮੰਡੀਆਂ ਦੇ ਫ਼ਰਸ਼ ਵੀ ਪੱਕੇ ਕੀਤੇ ਜਾਣ, ਤਾਂ ਜੋ ਕਿਸਾਨਾਂ ਦੀ ਪੱਕੀ ਫ਼ਸਲ ਮੰਡੀਆਂ ’ਚ ਖ਼ਰਾਬ ਨਾ ਹੋ ਸਕੇ।