- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਨਾਲ ਮੰਡੀਆਂ 'ਚ ਭਿੱਜੇ ਝੋਨੇ ਨੂੰ ਸੁਕਾਉਣ ਲਈ ਕਿਸਾਨ ਤੇ ਆੜ੍ਹਤੀ ਕਰ ਰਹੇ ਜੱਦੋ ਜਹਿਦ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਐਤਵਾਰ ਨੂੰ ਹੋਏ ਮੋਹਲੇਧਾਰ ਮੀਂਹ ਕਾਰਨ ਮੰਡੀਆਂ ਵਿੱਚ ਭਿੱਜੇ ਝੋਨੇ ਨੂੰ ਸੁਕਾਉਣ ਲਈ ਆੜ੍ਹਤੀਆਂ, ਕਿਸਾਨਾਂ ਅਤੇ ਲੇਬਰਾਂ ਨੂੰ ਜੱਦੋ ਜਹਿਦ ਕਰਨੀ ਪੈ ਰਹੀ ਹੈ। ਸੋਮਵਾਰ ਨੂੰ ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੀ ਅਨਾਜ ਮੰਡੀ ਕਲਾਨੌਰ ਤੋਂ ਇਲਾਵਾ ਵਡਾਲਾ ਬਾਂਗਰ, ਕਾਲਾ ਗੁਰਾਇਆ, ਦੋਸਤਪੁਰ, ਬੁੱਚੇਨੰਗਲ ਆਦਿ ਮੰਡੀਆਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਮੰਡੀਆਂ ਵਿੱਚ ਕਿਸਾਨ ਅਤੇ ਲੇਬਰ ਵੱਲੋਂ ਮੀਂਹ ਨਾਲ ਭਿੱਜੇ ਝੋਨੇ ਦੇ ਢੇਰਾਂ ਨੂੰ ਮੰਡੀਆਂ ਵਿੱਚ ਖਿਲਾਰਨ ਤੋਂ ਇਲਾਵਾ ਭਿੱਜੀਆਂ ਹੋਈਆਂ ਬੋਰੀਆਂ ਨੂੰ ਪੁੱਠਿਆਂ ਕਰਕੇ ਸੁਕਾਉਣ ਤੋਂ ਇਲਾਵਾ ਝੋਨੇ ਦੀਆਂ ਬੋਰੀਆਂ ਦੀਆਂ ਧਾਗਾਂ ਲਗਾਈਆਂ ਜਾ ਰਹੀਆਂ ਸਨ। ਇਸ ਮੌਕੇ 'ਤੇ ਕਿਸਾਨ ਗੁਰਜੀਤ ਸਿੰਘ ਬੋਹੜ ਵਡਾਲਾ, ਸਤਨਾਮ ਸਿੰਘ ਕਲਾਨੌਰ, ਪ੍ਰਭਸ਼ਰਨ ਸਿੰਘ, ਬਲਜੀਤ ਸਿੰਘ, ਜਸਵੰਤ ਸਿੰਘ, ਹਰਦੇਵ ਸਿੰਘ, ਸੁਖਬੀਰ ਸਿੰਘ ਆਦਿ ਨੇ ਦੱਸਿਆ ਕਿ ਜਿੱਥੇ ਪਿਛਲੇ ਦਿਨਾਂ ਤੋਂ ਅਨਾਜ ਮੰਡੀ ਕਲਾਨੌਰ ਵਿੱਚ ਝੋਨੇ ਵਿੱਚ ਨਮੀ ਹੋਣ ਕਾਰਨ ਝੋਨੇ ਦੀ ਖਰੀਦ ਨਾ-ਮਾਤਰ ਹੋ ਰਹੀ ਸੀ ਅਤੇ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦਰਮਿਆਨ ਮੀਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਝੋਨੇ ਦੀ ਖਰੀਦ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਇਸ ਦੌਰਾਨ ਹੀ ਮੋਹਲੇਧਾਰ ਬਾਰਿਸ਼ ਆਉਣ ਕਾਰਨ ਮੰਡੀਆਂ ਵਿੱਚ ਨੀਲੇ ਅਸਮਾਨ ਹੇਠਾਂ ਪਿਆ ਝੋਨਾ ਮੀਂਹ ਨਾਲ ਭਿੱਜਣ ਕਰਕੇ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੜਾਕੇ ਦੀ ਧੁੱਪ ਲੱਗਣ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਅਤੇ ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ ਵੱਲੋਂ ਝੋਨੇ ਨੂੰ ਸੁਕਾਉਣ ਲਈ ਜੱਦੋ ਜਹਿਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਮੰਡੀਆਂ ਵਿੱਚ ਲਿਆਂਦਾ ਝੋਨਾ ਵਿਕ ਸਕੇ। ਇਸ ਮੌਕੇ 'ਤੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਸੋਮਵਾਰ ਝੋਨੇ ਦੇ ਖੇਤਾਂ ਵਿੱਚ ਪਾਣੀ ਹੋਣ ਤੋਂ ਇਲਾਵਾ ਖੇਤ ਗਿੱਲੇ ਹੋਣ ਕਰਕੇ ਕੰਬਾਈਨਾਂ ਨਹੀਂ ਚੱਲ ਸਕੀਆਂ। ਉਨ੍ਹਾਂ ਕਿਹਾ ਕਿ ਧੁੱਪਾਂ ਲੱਗਣ ਉਪਰੰਤ ਝੋਨੇ ਦੀ ਕਟਾਈ ਅਤੇ ਮੰਡੀਆਂ ਵਿੱਚ ਪਿਆ ਝੋਨਾ ਸੁੱਕਣ ਉਪਰੰਤ ਖਰੀਦ ਸ਼ੁਰੂ ਹੋ ਜਾਵੇਗੀ।
--ਆੜ੍ਹਤੀ ਲੇਬਰਾਂ ਨੂੰ ਦੋਹਰਾ ਮਿਹਨਤਾਨਾ ਦੇਣ ਲਈ ਮਜ਼ਬੂਰ : ਵਾਈਸ ਪ੍ਰਧਾਨ ਗੁਰਦੀਪ ਸਿੰਘ--
ਅਨਾਜ ਮੰਡੀ ਕਲਾਨੌਰ ਵਿੱਚ ਆੜ੍ਹਤ ਕਰ ਰਹੇ ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਗੁਰਦੀਪ ਸਿੰਘ ਬੋਹੜ ਵਡਾਲਾ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਅਚਾਨਕ ਤੇਜ਼ ਬਾਰਿਸ਼ ਕਾਰਨ ਆੜ੍ਹਤੀਆਂ ਵੱਲੋਂ ਕਿਸਾਨਾਂ ਦਾ ਖਰੀਦਿਆ ਝੋਨਾ ਜੋ ਬੋਰੀਆਂ ਵਿੱਚ ਫੜਾਂ ਵਿੱਚ ਪਿਆ ਸੀ ਅਚਾਨਕ ਮੀਂਹ ਪੈਣ ਨਾਲ ਭਿੱਜ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਤਰਪਾਲਾਂ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਪਰੰਤੂ ਅਚਾਨਕ ਮੀਂਹ ਪੈਣ ਨਾਲ ਫੜਾਂ ਵਿੱਚ ਭਰੀਆਂ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕੰਮ ਕਰ ਰਹੀ ਲੇਬਰ ਨੂੰ ਆੜ੍ਹਤੀਆਂ ਵੱਲੋਂ ਦੋਹਰਾ ਖਰਚਾ ਦੇ ਕੇ ਝੋਨੇ ਨੂੰ ਸੁਕਾਉਣ ਲਈ ਬੋਰੀਆਂ ਦੀਆਂ ਧਾਗਾਂ ਲਵਾਈਆਂ ਜਾ ਰਹੀਆਂ ਹਨ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਧੁੱਪਾਂ ਲੱਗਣ ਨਾਲ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਜਾਵੇਗੀ।
ਇਸ ਮੌਕੇ 'ਤੇ ਅਨਾਜ ਮੰਡੀ ਕਲਾਨੌਰ ਵਿੱਚ ਕੰਮ ਕਰ ਰਹੇ ਜਮਾਦਾਰ ਵਰਿੰਦਰ ਨੇ ਦੱਸਿਆ ਕਿ ਐਤਵਾਰ ਬਾਰਿਸ਼ ਹੋਣ ਤੋਂ ਬਾਅਦ ਮਜ਼ਦੂਰਾਂ ਦੀ ਲੇਬਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਲੇਬਰ, ਕਿਸਾਨ ਅਤੇ ਮਜ਼ਦੂਰਾਂ ਦੀ ਮੁਸ਼ਕਿਲ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਲੇਬਰ ਦੀ ਘਾਟ ਹੋਣ ਕਾਰਨ ਮੰਡੀ ਵਿੱਚ ਕੰਮ ਕਰ ਰਹੀ ਲੇਬਰ ਨੂੰ ਵਾਧੂ ਕੰਮ ਕਰਨਾ ਪੈ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲੇਬਰ ਵਿੱਚ ਵੀ ਵਾਧਾ ਕੀਤਾ ਜਾਵੇ।