ਡੀਏਵੀ ਸਕੂਲ ’ਚ ਅਧਿਆਪਕਾਂ ਦੀ ਵਿਦਾਇਗੀ ’ਤੇ ਕਰਵਾਇਆ ਸਮਾਗਮ ਵਿਦਾਈ ਕਿਸੇ ਅੰਤ ਦਾ ਪ੍ਰਤੀਕ ਨਹੀਂ, ਸਗੋਂ ਜੀਵਨ ਦੇ ਇੱਕ ਨਵੇਂ, ਸੁੰਦਰ ਅਤੇ ਸੁਖਦ ਅਧਿਆਏ ਦੀ ਸ਼ੁਭ ਸ਼ੁਰੂਆਤ
Publish Date: Sat, 03 Oct 2026 03:29 PM (IST)
Updated Date: Sat, 03 Oct 2026 03:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਬਟਾਲਾ : ਸਥਾਨਕ ਡਾ. ਦੌਲਤ ਰਾਮ ਭੱਲਾ, ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ, ਬਟਾਲਾ ਵਿਖੇ ਸਕੂਲ ਪਰਿਵਾਰ ਦੀਆਂ ਦੋ ਸਮਰਪਿਤ ਅਤੇ ਕਰਮਸ਼ੀਲ ਮੈਂਬਰਾਂ ਸੀਨੀਅਰ ਅਧਿਆਪਕਾ ਸਵਿਤਾ ਕੁਮਾਰੀ ਅਤੇ ਸਹਾਇਕ ਸਟਾਫ ਨਿਰਮਲ ਦੀ ਸੇਵਾ ਮੁਕਤੀ ਮੌਕੇ ’ਤੇ ਭਾਵਪੂਰਨ ਅਤੇ ਮਾਣਮੱਤੇ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਮੰਚ ਸੰਚਾਲਨ ਅਧਿਆਪਕਾ ਰੋਜ਼ੀ ਨੇ ਕੀਤਾ। ਪ੍ਰੋਗਰਾਮ ਵਿੱਚ ਮਹਿਮਾਨਾਂ ਅਤੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਦਾ ਰਿਬਨ ਕੱਟ ਕੇ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਗਾਇਤਰੀ ਮੰਤਰ ਦੇ ਉੱਚਾਰਣ ਨਾਲ ਹੋਈ। ਸੀਨੀਅਰ ਅਧਿਆਪਕਾ ਸਵਿਤਾ ਕੁਮਾਰੀ ਦੇ ਲਗਭਗ ਸਾਢੇ ਸਤਾਈ ਸਾਲਾ ਦੇ ਲੰਮੇ ਅਤੇ ਸਮਰਪਿਤ ਸੇਵਾ-ਕਾਲ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜੇਸ਼ ਕਵਾਤਰਾ ਅਤੇ ਕੇਐੱਲ ਗੁਪਤਾ ਵੀ ਹਾਜ਼ਰ ਸਨ। ਰਾਜੇਸ਼ ਕਵਾਤਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੇਵਾ-ਮੁਕਤੀ ਜੀਵਨ ਦਾ ਅੰਤ ਨਹੀਂ ਹੁੰਦੀ, ਸਿਰਫ ਇੱਕ ਨਵਾਂ ਪੜਾਅ ਹੁੰਦਾ ਹੈ। ਸਵਿਤਾ ਕੁਮਾਰੀ ਦੇ ਸਨਮਾਨ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕਾਂ ਪ੍ਰਵੀਨ ਕੌਰ, ਅੰਜੂ ਕਲਸੀ, ਹਰਨੇਕ ਸਿੰਘ, ਸੁਮਨ, ਨਵਨੀਤ ਕੌਰ, ਕੁਲਵਿੰਦਰ ਕੌਰ, ਰਿਤੂ ਕਾਂਸਰਾ, ਨੰਦਿਨੀ ਸ਼ਰਮਾ, ਮਨਜੋਤ ਕੌਰ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਸਮਰਪਿਤ ਨਿਰਮਲ ਆਂਟੀ ਨੂੰ ਵੀ ਭਾਵਭਿੰਨੀ ਵਿਦਾਈ ਦਿੱਤੀ ਗਈ। ਦੋਵਾਂ ਸੇਵਾ-ਮੁਕਤ ਮੈਂਬਰਾਂ ਨੂੰ ਪ੍ਰਿੰਸੀਪਲ ਜੀਵਨ ਸ਼ਰਮਾ ਵੱਲੋਂ ਯਾਦਗਾਰੀ ਚਿੰਨ੍ਹ, ਫੁੱਲਾਂ ਦੇ ਗੁਲਦਸਤੇ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਦੋਵਾਂ ਨੂੰ ਜੀਵਨ ਦੇ ਆਉਣ ਵਾਲੇ ਪੜਾਅ ਲਈ ਸੁੱਖ, ਸਿਹਤ, ਖੁਸ਼ਹਾਲੀ ਅਤੇ ਖੁਸ਼ੀਆਂ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਵਿਦਾਈ ਕਿਸੇ ਅੰਤ ਦਾ ਪ੍ਰਤੀਕ ਨਹੀਂ, ਸਗੋਂ ਜੀਵਨ ਦੇ ਇੱਕ ਨਵੇਂ, ਸੁੰਦਰ ਅਤੇ ਸੁਖਦ ਅਧਿਆਏ ਦੀ ਸ਼ੁਭ ਸ਼ੁਰੂਆਤ ਹੈ।