ਜ਼ਮੀਨੀ ਵਿਵਾਦ ਨੂੰ ਲੈ ਕੇ ਪਰਿਵਾਰ ਨੇ ਡਾਕਖਾਨਾ ਚੌਂਕ ’ਚ ਸੜਕ ਦੇ ਵਿਚਕਾਰ ਦਿੱਤਾ ਧਰਨਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਰਿਵਾਰ ਨੇ ਡਾਕਖਾਨਾ ਚੌਂਕ ਵਿੱਚ ਸੜਕ ਦੇ ਵਿਚਕਾਰ ਦਿੱਤਾ ਧਰਨਾ
Publish Date: Wed, 18 Nov 2026 05:44 PM (IST)
Updated Date: Thu, 19 Nov 2026 04:04 AM (IST)
- ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਕੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇਣ ਤੇ ਡਰਾਉਣ-ਧਮਕਾਉਣ ਦਾ ਇਲਜ਼ਾਮ, ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ ਜੀਆਰਪੀ— ਡਾਕਖਾਨਾ ਚੌਂਕ ਵਿੱਚ ਪਰਿਵਾਰ ਸਮੇਤ ਧਰਨੇ ਤੇ ਬੈਠਾ ਗਗਨ ਮਹਾਜਨ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰਦਾਸਪੁਰ ਦੇ ਡਾਕਖਾਨਾ ਚੌਕ ’ਚ ਮੰਗਲਵਾਰ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰ ਨੇ ਸੜਕ ਦੇ ਦੋਵੇਂ ਪਾਸੇ ਆਪਣੀਆਂ ਗੱਡੀਆਂ ਲਗਾ ਕੇ ਸੜਕ ਵਿਚਕਾਰ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ਦੇ ਕਾਲਜ ਰੋਡ ਤੇ ਸਥਿਤ ਸੰਤ ਨਗਰ ਵਾਸੀ ਗਗਨ ਮਹਾਜਨ, ਉਸ ਦੀ ਪਤਨੀ ਤੇ ਧੀ ਨੇ ਜਾਇਦਾਦ ਦੇ ਵਿਵਾਦ ਦੇ ਮਾਮਲੇ ’ਚ ਇਹ ਕਦਮ ਚੁੱਕਿਆ। ਥਾਣਾ ਸਿਟੀ ਦੇ ਨਜ਼ਦੀਕ ਡਾਕਖਾਨਾ ਚੌਕ ’ਚ ਧਰਨੇ ਤੇ ਬੈਠੇ ਗਗਨ ਮਹਾਜਨ ਦਾ ਇਲਜ਼ਾਮ ਹੈ ਕਿ ਜਾਇਦਾਦ ਦੇ ਵਿਵਾਦ ’ਚ ਉਸ ਨੂੰ ਰੋਜ਼ਾਨਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸ ਦੀ ਕਾਰ ਖੋਹ ਲਈ ਗਈ ਹੈ ਅਤੇ ਦੂਜੇ ਧਿਰ ਦੇ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਪਰ ਪੁਲਿਸ ਉਸ ਦੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਗਗਨ ਮਹਾਜਨ ਦਾ ਇਲਜ਼ਾਮ ਹੈ ਕਿ ਜ਼ਮੀਨ ਦੇ ਝਗੜੇ ਦੇ ਮਾਮਲੇ ਵਿੱਚ ਦੂਜੇ ਧਿਰ ਦੇ ਕੁਝ ਵਿਅਕਤੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਕੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਜਦਕਿ ਕਈ ਹੋਰ ਤਰੀਕਿਆਂ ਨਾਲ ਵੀ ਉਸ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਤੇ ਜ਼ਮੀਨ ਤੇ ਲਏ ਗਏ ਸਟੇ ਨੂੰ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਰਾਤ ਨੂੰ ਉਸ ਨਾਲ ਕੁੱਟਮਾਰ ਵੀ ਕੀਤੀ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਗਗਨ ਮਹਾਜਨ ਦੇ ਪਰਿਵਾਰ ਨੂੰ ਧਰਨੇ ਤੋਂ ਉਠਾਇਆ। ਪੁਲਿਸ ਅਧਿਕਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਗਗਨ ਮਹਾਜਨ ਦਾ ਜ਼ਮੀਨ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਹੈ, ਜਿਸ ਦੇ ਕੋਰਟ ਵਿੱਚ ਕੇਸ ਵੀ ਚੱਲ ਰਹੇ ਹਨ ਅਤੇ ਦੋਵੇਂ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਣੇ ਸਾਹਮਣੇ ਗੱਲਬਾਤ ਕਰਵਾਈ ਜਾਵੇਗੀ ਅਤੇ ਗਗਨ ਮਹਾਜਨ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਸ ਦੀ ਸ਼ਿਕਾਇਤ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।