
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਵਾਂਖਾ ਦੀ ਮਰਲਾ ਕਾਲੋਨੀ ਵਿੱਚ 17 ਘੰਟੇ ਬਿਜਲੀ ਰਹੀ ਬੰਦ, ਲੋਕ ਪਰੇਸ਼ਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੀਨਾਨਗਰ: ਪਿੰਡ ਆਵਾਂਖਾ ਦੀ ਮਰਲਾ ਕਾਲੋਨੀ ਖੇਤਰ ਦੇ ਲੋਕ ਪਿਛਲੇ ਕਰੀਬ 17 ਘੰਟਿਆਂ ਤੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਐਤਵਾਰ ਨੂੰ ਦੁਪਹਿਰ ਮਗਰੋਂ ਬਿਜਲੀ ਸਪਲਾਈ ਬਹਾਲ ਹੋ ਸਕੀ, ਜਿਸ ਮਗਰੋਂ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਤਰਸੇਮ ਲਾਲ, ਅਸ਼ੋਕ ਕੁਮਾਰ, ਬਿੱਟਾ, ਮਨੀ, ਹਰਜੋਤ, ਅੰਜੂ ਬਾਲਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਬਿਜਲੀ ਨਾ ਆਉਣ ਕਾਰਨ ਘਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਅਤੇ ਪੀਣ ਵਾਲਾ ਪਾਣੀ ਵੀ ਖ਼ਤਮ ਹੋ ਗਿਆ। ਬਿਜਲੀ ਬੰਦ ਹੋਣ ਕਾਰਨ ਪੱਖੇ ਅਤੇ ਕੂਲਰ ਨਹੀਂ ਚੱਲੇ, ਜਿਸ ਕਾਰਨ ਛੋਟੇ ਬੱਚੇ, ਬਜ਼ੁਰਗ ਅਤੇ ਔਰਤਾਂ ਗਰਮੀ ਤੋਂ ਬਹੁਤ ਪਰੇਸ਼ਾਨ ਰਹੀਆਂ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਿਜਲੀ ਨਾ ਹੋਣ ਕਾਰਨ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲ ਝੱਲਣੀ ਪਈ ਅਤੇ ਗਰਮੀ ਕਾਰਨ ਉਨ੍ਹਾਂ ਦਾ ਬੁਰਾ ਹਾਲ ਰਿਹਾ। ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਬਿਜਲੀ ਦੀ ਖ਼ਰਾਬੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਵਿਭਾਗ ਵੱਲੋਂ ਜਾਰੀ ਕੀਤਾ ਹੈਲਪਲਾਈਨ ਨੰਬਰ ਵੀ ਕੰਮ ਨਹੀਂ ਕਰ ਰਿਹਾ। ਇਸ ਕਾਰਨ ਲੋਕਾਂ ਨੂੰ ਆਪਣੀ ਸਮੱਸਿਆ ਵਿਭਾਗ ਤੱਕ ਪਹੁੰਚਾਉਣ ਵਿੱਚ ਔਖ ਹੋਈ ਅਤੇ ਉਨ੍ਹਾਂ ਦੀ ਪਰੇਸ਼ਾਨੀ ਲਗਾਤਾਰ ਵਧਦੀ ਗਈ। ਲੋਕਾਂ ਨੇ ਦੱਸਿਆ ਕਿ ਖੇਤਰ ਵਿੱਚ ਲੱਗੇ ਟ੍ਰਾਂਸਫਾਰਮਰ 'ਤੇ ਵੱਧ ਲੋਡ ਹੋਣ ਕਾਰਨ ਬਿਜਲੀ ਦੀ ਸਮੱਸਿਆ ਵਾਰ-ਵਾਰ ਪੈਦਾ ਹੋ ਰਹੀ ਹੈ। ਖੇਤਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਟ੍ਰਾਂਸਫਾਰਮਰ 'ਤੇ ਬਿਜਲੀ ਦਾ ਲੋਡ ਵੱਧ ਹੈ ਤਾਂ ਬਿਜਲੀ ਵਿਭਾਗ ਨੂੰ ਖੇਤਰ ਦੀ ਲੋੜ ਅਤੇ ਲੋਡ ਮੁਤਾਬਕ ਵੱਧ ਸਮਰੱਥਾ ਵਾਲਾ ਜਾਂ ਵਾਧੂ ਟ੍ਰਾਂਸਫਾਰਮਰ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਰ-ਵਾਰ ਬਿਜਲੀ ਗੁੱਲ ਹੋਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਖੇਤਰਵਾਸੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਤਰ ਵਿੱਚ ਲੋੜ ਅਤੇ ਲੋਡ ਮੁਤਾਬਕ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਮਿਲ ਸਕੇ।