- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗ ਨੇ ਪੁੱਤਰ, ਨੂੰਹ ਅਤੇ ਪੋਤਿਆਂ 'ਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਲਾਏ ਦੋਸ਼

-ਬਜ਼ੁਰਗ ਨੇ ਪੁਲਿਸ ਨੂੰ ਲਾਈ ਇਨਸਾਫ਼ ਦੀ ਗੁਹਾਰ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਇੱਥੋਂ ਦੇ ਕਸਬਾ ਦੋਰਾਂਗਲਾ ’ਚ ਬਜ਼ੁਰਗ ਨੇ ਪੁੱਤਰ, ਨੂੰਹ ਅਤੇ ਪੋਤਿਆਂ 'ਤੇ ਕੁੱਟਮਾਰ ਕਰਕੇ ਉਸਨੂੰ ਉਸ ਦੀ ਆਪਣੀ ਮਲਕੀਅਤ ਵਾਲੇ ਘਰੋਂ ਬਾਹਰ ਕੱਢਣ ਦੇ ਗੰਭੀਰ ਦੋਸ਼ ਲਾਏ ਹਨ। ਬਜ਼ੁਰਗ ਅਨੁਸਾਰ ਉਸਨੂੰ ਆਪਣੇ ਹੀ ਘਰ ਤੋਂ ਬੇਘਰ ਹੋ ਕੇ ਧੀਆਂ ਦੇ ਘਰ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧ ਵਿੱਚ ਉਸ ਨੇ ਦੋਰਾਂਗਲਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਥੇ ਦੂਜੇ ਪਾਸੇ ਬਜ਼ੁਰਗ ਦੀ ਨੂੰਹ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਉਲਟਾ ਆਪਣੇ ਸਹੁਰੇ ਅਤੇ ਨਨਾਣ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।
ਬਜ਼ੁਰਗ ਦਰਸ਼ਨ ਮਸੀਹ ਅਨੁਸਾਰ ਉਸ ਦੀ ਪਤਨੀ ਨੂੰ ਗੁਜ਼ਰੇ ਇੱਕ ਸਾਲ ਹੋ ਚੁੱਕਾ ਹੈ। ਪਤਨੀ ਦੀ ਬਰਸੀ ਦਾ ਸਮਾਗਮ ਕਰਵਾਉਣ ਲਈ ਵਿਚਾਰ ਕਰਨ ਦੇ ਉਦੇਸ਼ ਨਾਲ ਉਸ ਨੇ ਆਪਣੀਆਂ ਦੋਵੇਂ ਧੀਆਂ ਨੂੰ ਦੋਰਾਂਗਲਾ ਸਥਿਤ ਆਪਣੇ ਘਰ ਬੁਲਾਇਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਉਸ ਦੀ ਨੂੰਹ ਨਹੀਂ ਚਾਹੁੰਦੀ ਸੀ ਕਿ ਧੀਆਂ ਘਰ ਆਉਣ। ਇਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਬਾਅਦ ਵਿੱਚ ਉਸ ਦੇ ਪੁੱਤਰ, ਨੂੰਹ ਅਤੇ ਪੋਤਿਆਂ ਨੇ ਕਥਿਤ ਤੌਰ 'ਤੇ ਉਸ ਅਤੇ ਉਸ ਦੀਆਂ ਧੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਰਸ਼ਨ ਮਸੀਹ ਨੇ ਦੋਸ਼ ਲਾਇਆ ਕਿ ਉਸ ਦੇ ਪੋਤਿਆਂ ਨੇ ਬਾਹਰੋਂ ਵੀ ਆਪਣੇ ਕੁਝ ਸਾਥੀਆਂ ਨੂੰ ਬੁਲਾਇਆ ਸੀ ਜਿਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਘਰ ਤੋਂ ਬਾਹਰ ਕੱਢ ਦਿੱਤਾ। ਬਜ਼ੁਰਗ ਦੇ ਮੁਤਾਬਕ, ਹੁਣ ਉਸਨੂੰ ਆਪਣੇ ਘਰ ਦੀ ਥਾਂ ਧੀਆਂ ਦੇ ਘਰ ਰਹਿਣਾ ਪੈ ਰਿਹਾ ਹੈ। ਉਸ ਨੇ ਦੋਰਾਂਗਲਾ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਦੂਜੇ ਪਾਸੇ ਬਜ਼ੁਰਗ ਦੀ ਨੂੰਹ ਸੁਨੀਤਾ ਨੇ ਆਪਣੇ ਸਹੁਰੇ ਵੱਲੋਂ ਲਾਏ ਕੁੱਟਮਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ਸੁਨੀਤਾ ਨੇ ਦੋਸ਼ ਲਾਇਆ ਕਿ ਦਰਸ਼ਨ ਮਸੀਹ ਅਤੇ ਉਸ ਦੀਆਂ ਧੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਕੁੱਟਮਾਰ ਤੋਂ ਬਾਅਦ ਦਰਸ਼ਨ ਮਸੀਹ ਖੁਦ ਹੀ ਆਪਣਾ ਸਮਾਨ ਗੱਡੀ ਵਿੱਚ ਭਰਕੇ ਧੀਆਂ ਕੋਲ ਚਲਾ ਗਿਆ ਸੀ। ਫਿਲਹਾਲ ਇਸ ਮਾਮਲੇ ’ਚ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਦੋਸ਼ ਲਾਏ ਜਾ ਰਹੇ ਹਨ। ਮਾਮਲੇ ਦੀ ਅਸਲ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।