ਸ਼ੌਰਿਆ ਚੱਕਰ ਸ਼ਹੀਦ ਸੰਦੀਪ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਕੀਤੀਆਂ ਭੇਟ ਸ਼ੌਰਿਆ ਚੱਕਰ ਸ਼ਹੀਦ ਸੰਦੀਪ ਸਿੰਘ ਦੀ ਅੱਠਵੀਂ ਬਰਸੀ ਮਨਾਈ
Publish Date: Wed, 23 Sep 2026 05:07 PM (IST)
Updated Date: Wed, 23 Sep 2026 05:09 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ ,ਪੰਜਾਬੀ ਜਾਗਰਣ ਬਟਾਲਾ : ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ ਵਿੱਚ ਭਾਰਤੀ ਸਰਹੱਦ ਵਿੱਚ ਪਾਕਿ-ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਦੇ ਹੋਏ ਅਤੇ ਤਿੰਨ ਆਤਮਘਾਤੀ ਹਮਲਾਵਰਾਂ ਨੂੰ ਮਾਰਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਵਾਲੇ ਫੌਜ ਦੇ 4 ਪੈਰਾ ਸਪੈਸ਼ਲ ਫੋਰਸ ਦੇ ਸ਼ੌਰਿਆ ਚੱਕਰ ਲਾਂਸ ਨਾਇਕ ਸੰਦੀਪ ਸਿੰਘ ਦੀ ਅੱਠਵੀਂ ਬਰਸੀ ਪਿੰਡ ਕੋਟਲਾ ਖੁਰਦ ਵਿਖੇ ਪਰਿਵਾਰ ਵੱਲੋਂ ਮਨਾਈ ਗਈ। ਸ਼ਹੀਦ ਦੀ ਬਰਸੀ ਸਬੰਧੀ ਰੱਖੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਸਮਾਗਮ ’ਚ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸ਼ਹੀਦ ਸੈਨਿਕਾਂ ਦੇ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ। ਸਮਾਰੋਹ ਨੂੰ ਸੰਬੋਧਨ ਕਰਦਿਆਂ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਭਾਰਤ ਸਰਜੀਕਲ ਸਟ੍ਰਾਈਕ ਦੇ ਨਾਇਕ ਲਾਂਸ ਨਾਇਕ ਸੰਦੀਪ ਸਿੰਘ ਵਰਗੇ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਲੰਬੇ ਸਮੇਂ ਤੱਕ ਯਾਦ ਰੱਖੇਗਾ। ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਅਸੀਂ ਚੈਨ ਦੀ ਨੀਂਦ ਸੌਂ ਰਹੇ ਹਾਂ। ਸ਼ਹੀਦ ਦੇ ਪੁੱਤਰ ਨੇ ਕਿਹਾ ਕਿ ਉਹ ਵੱਡਾ ਹੋ ਕੇ ਆਪਣੇ ਪਿਤਾ ਵਾਂਗ ਫੌਜ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ। ਇਸ ਮੌਕੇ ਸ਼ਹੀਦ ਦੀ ਮਾਤਾ ਕੁਲਵਿੰਦਰ ਕੌਰ, ਪਿਤਾ ਜਗਦੇਵ ਸਿੰਘ, ਪਤਨੀ ਗੁਰਪ੍ਰੀਤ ਕੌਰ, ਪੁੱਤਰ ਅਭਿਨਵ, ਭੈਣ ਰਣਜੀਤ ਕੌਰ, ਭਰਜਾਈ ਗੁਰਨੇਕ ਸਿੰਘ, ਭਰਜਾਈ ਪਲਵਿੰਦਰ ਕੌਰ, ਸਾਬਕਾ ਸੈਨਿਕ ਭਲਾਈ ਕਮੇਟੀ ਦੇ ਮੁੱਖ ਬੁਲਾਰੇ, ਸ਼ਹੀਦ ਲਾਂਸ ਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਸੂਬੇਦਾਰ ਮੇਜਰ ਜਗਤਾਰ ਸਿੰਘ ਅਤੇ ਸ਼ਹੀਦ ਇੰਸਪੈਕਟਰ ਜਗਜੀਤ ਸਿੰਘ ਦੇ ਭਰਾ ਦਲਜੀਤ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਅਤੇ ਸ਼ਹੀਦ ਯੂਨਿਟ ਦੇ ਨਾਇਬ ਸੂਬੇਦਾਰ ਚੰਦਰਮੋਹਨ ਸਿੰਘ , ਨਾਇਬ ਸੂਬੇਦਾਰ ਹਰਪਿੰਦਰ ਸਿੰਘ, ਹਵਲਦਾਰ ਗੁਬਖਸ਼ ਸਿੰਘ, ਹਵਲਦਾਰ ਗੁਰਪ੍ਰੀਤ ਸਿੰਘ, ਹਵਲਦਾਰ ਰਣਬੀਰ ਸਿੰਘ, ਹਵਲਦਾਰ ਜਸਪਾਲ ਸਿੰਘ, ਸਿਪਾਹੀ ਆਕਾਸ਼ਦੀਪ ਸਿੰਘ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ ਅਤੇ ਸ਼ਹੀਦ ਯੂਨਿਟ ਦੇ ਹੋਰ ਮੈਂਬਰ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਸ਼ਹੀਦ ਦੇ ਪਰਿਵਾਰ ਅਤੇ ਪੰਜ ਹੋਰ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।